ਸੌਦਾ ਸਾਧ ਵਲੋਂ ਰਾਜ ਸੱਤਾ ਨੂੰ ਸਿੱਧੀ ਚੁਨੌਤੀ
ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਲੱਖਾਂ ਦੀ ਗਿਣਤੀ ਵਿਚ ਅਪਣੇ ਸ਼ਰਧਾਲੂਆਂ ਨੂੰ ਪੰਚਕੁਲਾ ਅਤੇ ਚੰਡੀਗੜ੍ਹ ਭੇਜ ਕੇ ਸੌਦਾ ਸਾਧ ਨੇ ਰਾਜ ਸੱਤਾ ਨੂੰ..
ਚੰਡੀਗੜ੍ਹ, 23 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਲੱਖਾਂ ਦੀ ਗਿਣਤੀ ਵਿਚ ਅਪਣੇ ਸ਼ਰਧਾਲੂਆਂ ਨੂੰ ਪੰਚਕੁਲਾ ਅਤੇ ਚੰਡੀਗੜ੍ਹ ਭੇਜ ਕੇ ਸੌਦਾ ਸਾਧ ਨੇ ਰਾਜ ਸੱਤਾ ਨੂੰ ਸਿੱਧੇ ਤੌਰ 'ਤੇ ਚੁਨੌਤੀ ਹੀ ਨਹੀਂ ਦਿਤੀ ਸਗੋ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਕਹਿਦਾ ਹੈ ਕਿ ਜਿਸ ਤਰ੍ਹਾਂ ਡੇਰੇ ਦੇ ਕੁੱਝ ਚੇਲੇ ਸਟੇਟ ਨੂੰ ਸੋਸ਼ਲ ਮੀਡੀਆ 'ਤੇ ਸਿਧੀਆਂ ਧਮਕੀਆਂ ਦੇ ਰਹੇ ਹਨ ਉਸ ਨਾਲ ਮਾਹੌਲ ਵਿਗੜਨ ਦੇ ਵੱਡੇ ਪੱਧਰ 'ਤੇ ²ਖ਼ਦਸ਼ੇ ਹੋ ਗਏ ਹਨ। ਇਹ ਸਾਰਾ ਕੁੱਝ ਡੇਰੇ ਦੇ ਆਗੂਆਂ ਵਲੋਂ ਇਕ ਵਿਉਤਬੰਦ ਤਰੀਕੇ ਨਾਲ ਰਾਜ ਸੱਤਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਹਰਿਆਣੇ ਦੀਆਂ ਕੁੱਝ ਔਰਤਾਂ ਨੇ ਸਿੱਧੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ 'ਗੁਰੂ' ਨੂੰ ਕੁੱਝ ਹੋਇਆ ਤਾਂ ਉਹ ਦੇਸ਼ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਅਤੇ ਖ਼ੂਨ ਦੀਆਂ ਨਦੀਆਂ ਵਹਾ ਦਿਆਂਗੇ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇਕ ਡੇਰਾ ਆਗੂ ਵਲੋਂ ਐਡੀ ਵੱਡੀ ਪੱਧਰ 'ਤੇ ਚੁਨੌਤੀ ਦਿਤੀ ਗਈ ਹੋਵੇ ਜਿਸ ਕਰ ਕੇ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ, ਪੈਰਾ ਮਿਲਟਰੀ ਫ਼ੋਰਸ, ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ ਵਿਚ ਸੁਰੱਖਿਆ ਦੇ ਇੰਤਜਾਮਾਂ ਲਈ ਲਾਉਣੇ ਪਏ ਹੋਣ।
ਕਿਹਾ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਸੌਦਾ ਸਾਧ ਨੇ ਅਪਣਾ ਜਨਮ ਦਿਨ ਬਹੁਤ ਜ਼ੋਰ ਸ਼ੋਰ ਨਾਲ ਮਨਾਇਆ ਸੀ ਅਤੇ ਉਥੇ ਗਾਉਣ ਵਜਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿਚ ਸੂਫ਼ੀ ਗਾਇਕ ਨੂੰ ਵੀ ਬੁਲਾਇਆ ਗਿਆ ਸੀ ਪਰ ਇਹ ਵੱਖਰੀ ਗੱਲ ਉਸ ਨੂੰ ਕੁੱਝ ਦੇਰ ਬਾਅਦ ਗਾਉਣ ਤੋਂ ਰੋਕ ਦਿਤਾ ਗਿਆ ਸੀ। ਪਿਛਲੇ ਕੁੱਝ ਸਮੇਂ ਤੋਂ ਡੇਰਾ ਸਿੱਧੇ ਰੂਪ ਵਿਚ ਸਿਆਸਤ ਵਿਚ ਭਾਗ ਲੈ ਰਿਹਾ ਹੈ। ਕਈ ਸਾਲ ਪਹਿਲਾਂ ਇਹ ਡੇਰਾ ਕਾਂਗਰਸ ਦੇ ਹੱਕ ਵਿਚ ਭੁਗਤਿਆ ਸੀ। ਇਸ ਵਾਰ ਸਿੱਧੇ ਰੂਪ ਵਿਚ ਅਕਾਲੀ ਦਲ ਦੀ ਪੰਜਾਬ ਚੋਣਾਂ ਵਿਚ ਹਮਾਇਤ ਕੀਤੀ ਸੀ।