ਪੀਸੀਆਰ ਇੰਚਾਰਜ ਭੁਪਿੰਦਰ ਸਿੰਘ ਨੇ ਕਈ ਘੰਟੇ ਮੀਂਹ 'ਚ ਕੀਤਾ ਟ੍ਰੈਫ਼ਿਕ ਕੰਟਰੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਪਈ ਭਰਵੀਂ ਬਰਸਾਤ ਕਾਰਨ ਸ਼ਹਿਰ ਵਿਚ ਜਿਥੇ ਥਾਂ-ਥਾਂ ਖੜੇ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ ਉਥੇ ਪੀਸੀਆਰ ਦੇ ਇੰਚਾਰਜ..

Police man

 

ਐਸ.ਏ.ਐਸ. ਨਗਰ, 22 ਅਗੱਸਤ (ਗੁਰਮੁਖ ਵਾਲੀਆ): ਬੀਤੇ ਦਿਨੀਂ ਪਈ ਭਰਵੀਂ ਬਰਸਾਤ ਕਾਰਨ ਸ਼ਹਿਰ ਵਿਚ ਜਿਥੇ ਥਾਂ-ਥਾਂ ਖੜੇ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ ਉਥੇ ਪੀਸੀਆਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਕਈ ਘੰਟੇ ਸੜਕਾਂ 'ਤੇ ਪੈਂਦੇ ਮੀਂਹ 'ਚ ਖੜੇ ਹੋ ਕੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ। ਟ੍ਰੈਫ਼ਿਕ ਇੰਚਰਾਜ ਭੁਪਿੰਦਰ ਸਿੰਘ ਨੇ ਬੀਤੇ ਦਿਨੀਂ ਸਵੇਰੇ 7:30 ਵਜੇ ਅਪਣੀ ਡੀਊਟੀ 'ਤੇ ਜਾਣ ਉਪਰੰਤ ਫੇਜ਼-5 ਵਿਖੇ ਚਾਵਲਾ ਲਾਈਟਾਂ 'ਤੇ ਲੰਮਾ ਜਾਮ ਵੇਖਿਆ ਜਿਨ੍ਹਾਂ ਤੁਰਤ ਅਪਣੀ ਗੱਡੀ ਇਕ ਪਾਸੇ ਲਾਈ ਅਤੇ ਆਪ ਖ਼ੁਦ ਪੈਂਦੇ ਮੀਂਹ 'ਚ ਜਾਮ ਨੂੰ ਖੁਲ੍ਹਵਾਇਆ। ਉਹ ਕਰੀਬ ਤਿੰਨ ਘੰਟੇ ਤੱਕ ਉਥੇ ਖੜੇ ਰਹੇ ਅਤੇ ਲੋਕਾਂ ਦੇ ਵਾਹਨਾਂ ਜਾਮ ਵਿਚੋਂ ਕਢਵਾਉਂਦੇ ਰਹੇ। ਇਸ ਤੋਂ ਬਾਅਦ ਭੁਪਿੰਦਰ ਸਿੰਘ ਗੁਰਦੁਆਰਾ ਅੰਬ ਸਾਹਿਬ ਵਿਖੇ ਪੁੱਜੇ ਜਿਥੇ ਮੁੜ ਉਹ ਸੜਕਾਂ 'ਤੇ ਖੜੇ ਬਰਸਾਤੀ ਪਾਣੀ ਅੰਦਰ ਵੜੇ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਕਰਵਾਇਆ।
ਜਾਣਕਾਰੀ ਅਨੁਸਾਰ  ਸਥਾਨਕ ਫੇਜ 4 ਅਤੇ 5 ਨੂੰ ਵੰਡਣ ਵਾਲੀ ਸੜਕ, ਫੇਜ-5 ਦੇ ਅੰਦਰ ਨੂੰ ਜਾਂਦੀ ਸੜਕ ਅਨੇਕਾਂ ਹੀ ਥਾਵਾਂ ਤੋਂ ਬਰਸਾਤ ਕਾਰਨ ਕਾਫ਼ੀ ਪਾਣੀ ਭਰ ਗਿਆ ਸੀ ਅਤੇ ਇਨ੍ਹਾਂ ਸੜਕਾਂ ਉਪਰ ਥਾਂ-ਥਾਂ 'ਤੇ ਟੋਏ ਤਕ ਪੈ ਗਏ ਸਨ, ਜਿਨ੍ਹਾਂ ਵਿਚ ਬਰਸਾਤੀ ਪਾਣੀ ਭਰ ਗਿਆ ਸੀ। ਇਸ ਤੋਂ ਇਲਾਵਾ ਪੀ.ਟੀ.ਐਲ. ਤੋਂ ਫ਼ੇਜ਼-1 ਨੂੰ ਜਾਂਦੀ ਸੜਕ 'ਤੇ 25 ਤੋਂ ਵੱਧ ਥਾਵਾਂ ਉਪਰ ਸੜਕ ਕਿਨਾਰੇ ਬਰਮ ਧੱਸ ਗਏ ਹਨ ਅਤੇ ਟੁੱਟ ਗਏ ਹਨ। ਇਸ ਤੋਂ ਇਲਾਵਾ ਫ਼ੇਜ਼-5 ਦੀ ਮਾਰਕੀਟ ਸਾਹਮਣੇ ਰੋਡ ਕੱਟ ਹੀ ਧੱਸਣ ਕਾਰਨ ਕਾਰਾਂ ਫਸ ਗਈਆਂ ਸਨ ਜਿਨ੍ਹਾਂ ਨੂੰ ਬਾਅਦ ਵਿਚ ਪੁਲਿਸ ਦੀ ਮਦਦ ਨਾਲ ਕਢਿਆ ਗਿਆ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਸਥਾਨਾਂ 'ਤੇ ਵੀ ਬਰਮ ਟੁੱਟ ਗਏ ਸਨ, ਸੜਕਾਂ ਵੀ ਧੱਸ ਗਈਆਂ ਸਨ ਅਤੇ ਸੜਕਾਂ ਵਿਚਾਲੇ ਲਗੀਆਂ ਰੇਲਿੰਗਾਂ ਵਿੰਗੀਆਂ-ਟੇਢੀਆ ਹੋ ਗਈਆਂ ਸਨ।  

 

ਇਸ ਤਰ੍ਹਾਂ ਬੀਤੇ ਦਿਨੀਂ ਪਈ ਬਰਸਾਤ ਕਾਰਨ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਸੀ।