ਪਟਿਆਲਾ ਦੀ ਲੱਕੜ ਮੰਡੀ ਦੇ ਪਿਛਲੇ ਪਾਸੇ ਵਸੀ ਬਾਬਾ ਬੀਰ ਸਿੰਘ-ਧੀਰ ਸਿੰਘ ਕਾਲੋਨੀ ਵਿਖੇ ਕਬਾੜ ਚੁਗਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ 'ਚ ਅੱਜ ਸਵੇਰੇ ਅਚਾਨਕ ਧਮਾਕਾ ਹੋ ਗਿਆ ਜਿਸ ਕਾਰਨ ਇਕ ਬੱਚੇ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ 4 ਬੱਚੇ ਜ਼ਖ਼ਮੀ ਹੋ ਗਏ। ਧਮਾਕੇ 'ਚ ਮਰਨ ਵਾਲਿਆਂ ਦੀ ਪਛਾਣ 25 ਸਾਲਾ ਮੁਮਤਿਆਜ਼ ਅਲੀ ਪੁੱਤਰ ਸੂਰਜ ਖ਼ਾਨ ਅਤੇ ਦੋ ਸਾਲਾ ਬੱਚੇ ਮੁਹੰਮਦ ਸ਼ਮੀਰ ਪੁੱਤਰ ਇਸਰਾਤ ਖ਼ਾਨ ਵਜੋਂ ਹੋਈ ਹੈ। ਚਾਰ ਜ਼ਖ਼ਮੀਆਂ 'ਚ ਅੱਠ ਸਾਲਾ ਬੱਚਾ ਨੂਰ ਹਸਨ, ਅੱਠ ਸਾਲਾ ਬੱਬੂ, ਡੇਢ ਸਾਲਾ ਸੱਬੂ ਤੇ ਛੇ ਸਾਲਾ ਬੱਚੀ ਆਫ਼ਰੀਨ ਸ਼ਾਮਲ ਹਨ।ਹਾਦਸੇ ਵਾਲੀ ਥਾਂ ਦਾ ਦੌਰਾ ਕਰਦਿਆਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪੀੜਤ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਐਸ.ਐਸ.ਪੀ. ਪਟਿਆਲਾ ਡਾ. ਐਸ. ਭੂਪਤੀ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਸਿਟੀ ਕੇਸਰ ਸਿੰਘ ਤੇ ਐਸ.ਪੀ. ਜਾਂਚ ਹਰਵਿੰਦਰ ਸਿੰਘ ਵਿਰਕ ਵੀ ਸਨ।
ਮੇਅਰ ਤੇ ਡਿਪਟੀ ਕਮਿਸ਼ਨਰ ਨੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਸਰਕਾਰੀ ਰਜਿੰਦਰਾ ਹਸਪਤਾਲ ਦਾ ਵੀ ਦੌਰਾ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਉੱਚ ਪਧਰੀ ਜਾਂਚ ਕਰਵਾਈ ਜਾਵੇਗੀ ਤੇ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇਗਾ। ਮਰਨ ਵਾਲਿਆਂ ਦੇ ਵਾਰਸਾਂ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਰਾਸ਼ੀ ਤੇ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦਿਤੇ ਜਾਣਗੇ। ਘਟਨਾ ਦੀ ਮੈਜਿਸਟ੍ਰੇਟੀ ਜਾਂਚ ਐਸ.ਡੀ.ਐਮ. ਪਟਿਆਲਾ ਅਨਮੋਲ ਸਿੰਘ ਧਾਲੀਵਾਲ ਕਰਨਗੇ।ਥਾਣਾ ਕੋਤਵਾਲੀ ਦੇ ਮੁਖੀ ਰਾਹੁਲ ਕੌਸ਼ਲ ਨੇ ਦਸਿਆ ਕਿ ਪੁਲਿਸ ਨੇ ਆਈ.ਪੀ.ਸੀ. ਦੀਆਂ ਧਾਰਾਵਾਂ 304-ਏ ਤੇ 337 ਅਧੀਨ ਐਫ਼.ਆਈ.ਆਰ. ਨੰਬਰ 66 ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ।