ਪਟਿਆਲਾ- ਲੋਕ ਸਭਾ ਚੋਣਾਂ-2019 ਸਬੰਧੀਂ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਪਟਿਆਲਾ ਪੁਲਿਸ ਨੇ ਦੇਰ ਸ਼ਾਮ ਰਾਜਪੁਰੇ ਤੋਂ ਇਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ, ਇਕ ਗੈਰ ਕਾਨੂੰਨੀ ਪਿਸਤੌਲ ਅਤੇ 13 ਕਾਰਤੂਸਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਪਾਸੋਂ 1.54 ਲੱਖ ਰੁਪਏ ਦੀ ਨਵੀਂ ਕਰੰਸੀ ਵੀ ਬਰਾਮਦ ਹੋਈ ਹੈ।
ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੜੀ ਗਈ ਪੁਰਾਣੀ ਕਰੰਸੀ ਅਤੇ ਅਸਲੇ ਸਬੰਧੀ ਥਾਣਾ ਰਾਜਪੁਰਾ ਵਿਖੇ ਪੁਲਿਸ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਸੂਚਨਾ ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਨੂੰ ਦੇਣ ਸਮੇਤ ਆਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਦਿੱਤੀ ਜਾਵੇਗੀ।
ਐੱਸਐੱਸਪੀ ਨੇ ਦੱਸਿਆ ਕਿ ਫੜੇ ਗਏ ਤਿੰਨ ਵਿਅਕਤੀਆ 'ਚ ਕੰਵਰਜੀਤ ਸਿੰਘ ਵਾਸੀ ਪਿੰਡ ਗਉਪੁਰ (ਕੁਰੂਕਸ਼ੇਤਰ), ਮੁਸਤਕੀਨ ਵਾਸੀ ਮੌਲੀ ਜੱਗਰਾਂ ਅਤੇ ਬਲਦੇਵ ਕੁਮਾਰ ਵਾਸੀ ਰੂਪਨਗਰ (ਅੰਬਾਲਾ ਕੈਂਟ) ਸ਼ਾਮਲ ਹਨ। ਇਨ੍ਹਾਂ ਨੂੰ ਐੱਚਆਰ 01 ਏ 8146 ਵਰਨਾ ਕਾਰ 'ਚ ਆਉਂਦਿਆਂ ਨੂੰ ਇੰਸਪੈਕਟਰ ਭੁਪਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਮਿਡਵੇ ਢਾਬਾ ਮੁੱਖ ਜੀਟੀ ਰੋਡ ਰਾਜਪੁਰਾ ਨੇੜੇ ਲਗਾਏ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ।
ਕਰੰਸੀ ਵਿਚ 85 ਲੱਖ ਰੁਪਏ ਦੇ 1000 ਰੁਪਏ ਦੇ ਪੁਰਾਣੇ ਨੋਟ ਅਤੇ 15 ਲੱਖ ਰੁਪਏ ਦੇ 500-500 ਰੁਪਏ ਦੇ ਪੁਰਾਣੇ ਨੋਟ ਸਨ। ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਰਾਜਪੁਰਾ ਜੀਟੀ ਰੋਡ ਵਾਲੇ ਪਾਸੇ ਆਉਣ ਦੀ ਪੁਲਿਸ ਨੂੰ ਗੁਪਤਾ ਸੂਚਨਾ ਸੀ ਜਿਸ ਦੇ ਮੱਦੇਨਜ਼ਰ ਨਾਕਾਬੰਦੀ ਕੀਤੀ ਗਈ ਸੀ ਤੇ ਇਨ੍ਹਾਂ ਦੀ ਗੱਡੀ ਨੂੰ ਆਉਂਦਿਆਂ ਦੇਖ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੇ ਆਪਣੀ ਗੱਡੀ ਪਿੱਛੇ ਮੋੜਨ ਦਾ ਯਤਨ ਕੀਤਾ ਪਰ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।