ਫੂਲਕਾ-ਖਹਿਰਾ ਤੇ ਬਲਦੇਵ ਦੇ ਅਸਤੀਫ਼ਿਆਂ ਉਤੇ ਸਿਆਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ-ਸਭਾ ਸਪੀਕਰ ਨੇ ਫ਼ਾਈਲ ਫਿਰ ਰੱਖ ਲਈ ; ਸੱਤਾਧਾਰੀ ਕਾਂਗਰਸ ਤੇ ਆਪ ਦੀ ਸਾਂਝੀ ਚਾਲ

Lok Sabha election 2019

ਚੰਡੀਗੜ੍ਹ : ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਦਾਖਾ ਹਲਕੇ ਤੋਂ ਆਪ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ 6 ਮਹੀਨੇ ਪਹਿਲਾਂ ਅਕਤੂਬਰ 12 ਨੂੰ ਦਿਤੇ ਅਸਤੀਫੇ ਤੇ ਦੋ ਮਹੀਨੇ ਬਾਦ 11 ਦਸੰਬਰ ਨੂੰ ਕੀਤੀ ਪ੍ਰੋੜਤਾ ਮਗਰੋਂ ਵੀ ਵਿਧਾਨ ਸਭਾ ਸਕੱਤ੍ਰੇਤ ਨੇ ਕੋਈ ਫ਼ੈਸਲਾ ਨਹੀਂ ਲਿਆ। ਸਪਕੀਰ ਰਾਣਾ ਕੇ.ਪੀ. ਸਿੰਘ ਨਾਲ ਫਿਰ ਫਰਵਰੀ ਮਹੀਨੇ ਸੈਸ਼ਨ ਦੌਰਾਨ ਫੂਲਕਾ ਨੇ ਮੁਲਾਕਾਤ ਕਰਕੇ ਸਪੱਸ਼ਟ ਕੀਤਾ ਕਿ ਉਹ ਇਸਤੀਫੇ ਉਤੇ ਅਡਿੱਗ ਹਨ ਤੇ ਵਾਪਸ ਨਹੀਂ ਲੈਣਗੇ। ਉਲਟਾ ਫੂਲਕਾ ਨੇ ਬਜਟ ਸੈਸ਼ਨ ਦੌਰਾਨ ਕਈ ਬੈਠਕਾਂ ਵਿਚ ਹਿੱਸਾ ਵੀ ਲਿਆ। ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸਤੀਫਾ ਸਹੀ ਰੂਪ ਰੇਖਾ ਵਿਚ ਹੈ ਤੇ ਫ਼ੈਸਲਾ ਸਪੀਕਰ ਨੇ ਲੈਣ ਹੈ।

ਇਸੇ ਤਰ੍ਹਾਂ ਭੁਲੱਥ ਹਲਕੇ ਤੋਂ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਪਣੀ ਪਾਰਟੀ ਤੋਂ ਇਸਤੀਫਾ ਦੇ ਦਿਤਾ, ਅਪਣੀ ਵੱਖਰੀ ਸਿਆਸੀ ਪਾਰਟੀ 'ਪੰਜਾਬ ਏਕਤਾ ਪਾਰਟੀ' ਗਠਿਤ ਕਰਕੇ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰੀਆਂ ਦੇ ਐਲਾਨ ਵੀ ਕਰ ਦਿਤੇ ਹਨ। ਉਪਰੋਂ ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਦੋ ਵਾਰ ਸਪੀਕਰ ਰਾਣ ਕੇ.ਪੀ. ਸਿੰਘ ਕੋਲ ਨਿੱਜੀ ਤੌਰ ਉਤੇ ਜਾ ਕੇ ਪਟੀਸ਼ਨ ਪਾਈ ਹੈ ਕਿ ਖਹਿਰਾ ਦਾ ਇਸਤੀਫਾ ਮਨਜੂਰ ਕਰ ਲਿਆ ਜਾਵੇ ਤੇ ਉਸ ਦੀ ਵਿਧਾਇਕ ਦੇ ਤੌਰ ਉਤੇ ਪਦਵੀ ਨੂੰ ਖਾਰਜ ਕੀਤਾ ਜਾਵੇ। ਦੋ ਹਫ਼ਤੇ ਪਹਿਲਾਂ ਖਹਿਰਾ ਨੇ ਖੁਦ ਵਿਧਾਨ ਸਭਾ ਸਕੱਤ੍ਰੇਤ ਜਾ ਕੇ, ਸਕੱਤਰ ਬੀਬੀ ਸ਼ਸ਼ੀ ਲਖਣ ਪਾਲ ਮਿਸ਼ਰਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਕੱਤ੍ਰੇਤ ਤੋਂ ਚਿੱਠੀਆਂ ਪ੍ਰਾਪਤ ਨਾ ਹੋਣ ਦਾ ਬਹਾਨਾ ਵੀ ਖਹਿਰਾ ਨੇ ਕੀਤਾ। ਹੁਣ ਫਿਰ ਸਕੱਤਰ ਨੇ ਖਹਿਰਾ ਨੂੰ 11 ਮਾਰਚ ਨੂੰ ਚਿੱਠੀ ਲਿਖੀ ਹੈ ਤੇ 20 ਦਿਨਾਂ ਦੇ ਵਿਚ-ਵਿਚ ਜੁਆਬ ਦੇ ਕੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। 

ਇਸੇ ਤਰ੍ਹਾਂ ਜੈਤੋਂ ਤੋਂ 'ਆਪ' ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸ਼ਰੇਆਮ ਪਬਲਿਕ ਸਟੇਜਾਂ ਤੋਂ ਐਲਾਨ ਕਰਕੇ 'ਆਪ' ਪਾਰਟੀ ਛੱਡ ਦਿਤੀ ਹੈ ਤੇ ਫਰੀਦਕੋਟ ਲੋਕ ਸਭਾ ਸੀਟ ਤੋਂ 19 ਮਈ ਨੂੰ ਹੋਣ ਵਾਲੀਆਂ ਚੋਣਾਂ ਵਾਸਤੇ ਪੰਜਾਬ ਏਕਤਾ ਪਾਰਟੀ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਸਾਂਝਾ ਉਮੀਦਵਾਰ ਐਲਾਨਿਆ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਸਪੀਕਰ, ਇਨ੍ਹਾਂ ਵਿਧਾਇਕ ਤੇ ਕਾਂਗਰਸੀ ਨੇਤਾਵਾਂ ਨਾਲ ਕੀਤੀ ਗੱਲਬਾਤ ਉਤੇ ਪਤਾ ਲਗਿਆ ਹੈ ਕਿ ਸੱਤਾ ਉਤੇ ਕਾਬਜ਼ ਪਾਰਟੀ ਨਹੀਂ ਚਾਹੁੰਦੀ ਕਿ ਦਾਖਾ ਭੁਲੱਥ ਤੇ ਜੈਤੋ ਹਲਕਿਆਂ ਉਤੇ ਜ਼ਿਮਨੀ ਚੋਣ ਕਰਾਈ ਜਾਵੇ। ਇਸ ਕਰਕੇ ਇਨ੍ਹਾਂ ਇਸਤੀਫਿਆਂ ਦੀ ਫਾਈਲ ਵਿਧਾਨ ਸਭਾ ਸਪੀਕਰ ਨੇ ਅਪਣੇ ਪਾਸ ਰੱਖ ਲਈ ਹੈ। 

ਨਿਯਮਾਂ ਮੁਤਾਬਕ ਖਾਲੀ ਹੋਈ ਵਿਧਾਨ ਸਭਾ ਜਾ ਲੋਕ ਸਭਾ ਸੀਟ ਉਤੇ 6 ਮਹੀਨੇ ਦੇ ਅੰਦਰ-ਅੰਦਰ ਚੋਣਾਂ ਕਰਵਾਇਆ ਜਾਣੀਆਂ ਜ਼ਰੂਰੀ ਹੁੰਦੀਆਂ ਹਨ। ਇਸ ਕਰਕੇ ਸਪੀਕਰ ਇਨ੍ਹਾਂ ਸੀਟਾਂ ਬਾਰੇ ਚੋਣ ਕਮਿਸ਼ਨ ਨੂੰ ਲਿਖਣ ਤੋਂ ਗੁਰੇਜ਼ ਕਰਦੇ ਹਨ। ਇਸਤੀਫਿਆਂ ਦੇ ਮਾਮਲੇ ਨੂੰ ਲਟਕਾਉਣਾ ਤੇ ਨਿਯਮਾਂ ਦੇ ਦਾਅ ਪੇਚਾਂ ਦਾ ਆਸਰਾ ਲੈਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ। ਕਾਂਗਰਸ ਪਾਰਟੀ ਦੀ ਜ਼ਿਮਨੀ ਚੋਣਾਂ ਵਿਚ ਦਿਲਸਚਪੀ ਇਸ ਕਰਕੇ ਵੀ ਨਹੀਂ ਹੈ ਕਿਉਂਕਿ ਇਨ੍ਹਾਂ ਸੀਟਾਂ ਉਤੇ ਮਾਰਚ 2017 ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾਖਾ ਵਿਚੋਂ ਮਨਪ੍ਰੀਤ ਇਆਲੀ, ਭੁਲੱਥ ਤੋਂ ਬੀਬੀ ਜਗੀਰ ਕੌਰ ਤੇ ਜੈਤੋਂ ਤੋਂ ਸੂਬਾ ਸਿੰਘ ਬਾਦਲ ਬੜੇ ਥੋੜੇ ਥੋੜੇ ਫਰਕ ਤੋਂ ਹਾਰੇ ਸਨ। 

ਜੇ ਜ਼ਿਮਨੀ ਚੋਣਾਂ ਹੁੰਦੀਆਂ ਹਨ ਤਾਂ ਅਕਾਲੀ ਦਲ ਦਾ ਜਿੱਤ ਦਾ ਦਾਅ ਲਗ ਸਕਦਾ ਹੈ ਤੇ ਅਕਾਲੀ-ਬੀ.ਜੇ.ਪੀ ਗੱਠ-ਜੋੜ ਵਿਰੋਧੀ ਧਿਰ ਦੀ ਮਜ਼ਬੂਤ ਹਾਲਤ ਵਿਚ ਆ ਕੇ 'ਆਪ' ਤੋਂ ਨੇਤਾ ਦੀ ਪਦਵੀ ਖੋਹ ਸਕਦਾ ਹੈ, ਜਿਸ ਤੋਂ ਕਾਂਗਰਸ ਡਰ ਰਹੀ ਹੈ।