ਐਸ.ਆਈ.ਟੀ ਵਲੋਂ ਸੌਦਾ ਸਾਧ ਨੂੰ ਪੁਛਗਿੱਛ 'ਚ ਸ਼ਾਮਲ ਕਰਨ ਦੀਆਂ ਤਿਆਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ' : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਵੀ ਸਾਹਮਣੇ ਆਏ ਸਨ ਤੱਥ

Sauda Sadh

ਕੋਟਕਪੂਰਾ : ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਦੀਆਂ ਘਟਨਾਵਾਂ ਦੀ ਜਾਂਚ 'ਚ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਸਾਹਮਣੇ ਆਏ ਤੱਥਾਂ ਦੇ ਅਧਾਰ 'ਤੇ ਜਾਂਚ ਕਰ ਰਹੀ ਐਸਆਈਟੀ (ਸਿੱਟ) ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਰਥਾਤ ਸੌਦਾ ਸਾਧ ਨੂੰ ਤਲਬ ਕਰਨ ਜਾਂ ਸੁਨਾਰੀਆ ਜੇਲ ਰੋਹਤਕ 'ਚ ਜਾਣ ਦੀ ਤਿਆਰੀ ਕਰ ਲਈ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਐਸਆਈਟੀ ਦੀ ਜਾਂਚ ਦੌਰਾਨ ਕਈ ਗਵਾਹਾਂ ਨੇ ਬਰਗਾੜੀ ਬੇਅਦਬੀ ਮਾਮਲੇ ਅਤੇ ਗੋਲੀਕਾਂਡ ਦੀਆਂ ਘਟਨਾਵਾਂ 'ਚ ਸੌਦਾ ਸਾਧ ਦਾ ਨਾਮ ਲਿਆ ਹੈ। 'ਐਸਆਈਟੀ' ਵਲੋਂ ਫ਼ਰੀਦਕੋਟ ਅਦਾਲਤ ਤੋਂ ਜਲਦ ਹੀ ਸੌਦਾ ਸਾਧ ਤੋਂ ਪੁਛਗਿੱਛ ਕਰਨ ਦੀ ਇਜਾਜ਼ਤ ਮੰਗੀ ਜਾਵੇਗੀ। ਐਸਆਈਟੀ ਦੇ ਇਕ ਪ੍ਰਮੁੱਖ ਮੈਂਬਰ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਜਾਂਚ ਦੌਰਾਨ ਹੁਣ ਤਕ ਕਰੀਬ 200 ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ, ਕਈ ਅਹਿਮ ਲੋਕਾਂ ਤੋਂ ਪੁਛਗਿੱਛ ਹੋ ਚੁੱਕੀ ਹੈ, ਜਲਦ ਹੀ ਕੁੱਝ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ।

ਜ਼ਿਕਰਯੋਗ ਹੈ ਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਥਾਪੀ ਗਈ ਐਸਆਈਟੀ ਅਤੇ ਜਾਂਚ ਕਮਿਸ਼ਨ ਨੇ ਭਾਵੇਂ ਇਕਤਰਫ਼ਾ ਜਾਂਚ ਪੜਤਾਲ 'ਤੇ ਜੋਰ ਦੇਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਤੇ ਫਿਰ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਜਾਂਚ ਰਿਪੋਰਟਾਂ 'ਚ ਅਜਿਹੇ ਅਹਿਮ ਖ਼ੁਲਾਸੇ ਹੋਏ ਜਿਨ੍ਹਾਂ ਨੇ ਬਾਦਲ ਸਰਕਾਰ ਦੀ ਇਕਤਰਫ਼ਾ ਅਤੇ ਪੱਖਪਾਤੀ ਜਾਂਚ ਪੜਤਾਲ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿਤੇ ਕਿਉਂਕਿ ਉਕਤ ਰਿਪੋਰਟਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ 'ਚ ਪ੍ਰਮੁੱਖ ਹੱਥ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦਾ ਸਾਹਮਣੇ ਆ ਗਿਆ ਤੇ ਡੇਰਾ ਪ੍ਰੇਮੀਆਂ ਨੇ ਇਕਬਾਲੀਆ ਤੌਰ 'ਤੇ ਸੱਭ ਕੁੱਝ ਪ੍ਰਵਾਨ ਵੀ ਕਰ ਲਿਆ।

ਕੋਟਕਪੂਰੇ ਅਤੇ ਆਸਪਾਸ ਦੇ ਪਿੰਡਾਂ ਦੇ ਦਰਜਨ ਤੋਂ ਜ਼ਿਆਦਾ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਕਰਨ ਤੋਂ ਬਾਅਦ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਸਿੱਧ ਕਰ ਦਿੱਤਾ ਸੀ ਕਿ ਡੇਰਾ ਪ੍ਰੇਮੀਆਂ ਨੇ ਵਿਉਂਤਬੱਧ ਤਰੀਕੇ ਨਾਲ ਪਾਵਨ ਸਰੂਪ ਚੋਰੀ ਕੀਤਾ, ਅਪਮਾਨਜਨਕ ਸ਼ਬਦਾਵਲੀ 'ਚ ਸਿੱਖਾਂ ਨੂੰ ਭੜਕਾਉਣ ਵਾਲੇ ਪੋਸਟਰ ਗੁਰਦਵਾਰੇ ਦੀਆਂ ਕੰਧਾਂ 'ਤੇ ਚਿਪਕਾਏ, ਪਾਵਨ ਸਰੂਪ ਦੀ ਬੇਅਦਬੀ ਵੀ ਕੀਤੀ ਪਰ ਬਾਦਲ ਸਰਕਾਰ ਨੇ ਕਿਸੇ ਵੀ ਡੇਰਾ ਪ੍ਰੇਮੀ ਤੋਂ ਪੁੱਛਗਿੱਛ ਕਰਨ ਦੀ ਜਰੂਰਤ ਨਾ ਸਮਝੀ।