ਕੁੰਵਰਵਿਜੈ ਪ੍ਰਤਾਪ ਸਿੰਘ ਦੇ ਪ੍ਰਗਟਾਵਿਆਂ ਨੇ ਪੀੜਤ ਪਰਵਾਰਾਂ ਦੀ ਵਧਾਈ ਚਿੰਤਾ
ਕੁੰਵਰਵਿਜੈ ਪ੍ਰਤਾਪ ਸਿੰਘ ਦੇ ਪ੍ਰਗਟਾਵਿਆਂ ਨੇ ਪੀੜਤ ਪਰਵਾਰਾਂ ਦੀ ਵਧਾਈ ਚਿੰਤਾ
ਕੋਟਕਪੂਰਾ, 19 ਮਾਰਚ (ਗੁਰਿੰਦਰ ਸਿੰਘ): ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਪੁਲਿਸੀਆ ਅਤਿਆਚਾਰ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਪਿਛਲੇ ਦਿਨੀਂ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੂੰ ਡਰਾਉਣ, ਧਮਕਾਉਣ, ਜਲੀਲ ਕਰਨ ਵਰਗੇ ਕੀਤੇ ਖ਼ੁਲਾਸਿਆਂ ਨੇ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਨੂੰ ਚਿੰਤਾ ਵਿਚ ਪਾ ਦਿਤਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਪੁਲਿਸ ਪ੍ਰਸ਼ਾਸਨ ਦੇ ਉੱਚ ਅਹੁਦੇ ’ਤੇ ਬੈਠੇ ਆਲ੍ਹਾ ਅਫ਼ਸਰ ਅਰਥਾਤ ਉੱਚ ਸਰਕਾਰੀ ਅਧਿਕਾਰੀ ਨੂੰ ਦੋਸ਼ੀ ਲੋਕ ਡਰਾਉਣ ਅਤੇ ਧਮਕਾਉਣ ਦੀ ਜ਼ੁਰਅੱਤ ਕਰ ਸਕਦੇ ਹਨ ਤਾਂ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਦੀ ਤਾਂ ਕੋਈ ਹੈਸੀਅਤ ਹੀ ਨਹੀਂ!
ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਵਾਪਰੇ ਘਟਨਾਕ੍ਰਮ ਵਿਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਉੱਪਰ ਹਰ ਤਰ੍ਹਾਂ ਦਾ ਦਬਾਅ ਬਣਾਉਣ ਵਾਲੇ ਦੋਸ਼ੀਆਂ ਨੂੰ ਆਜ਼ਾਦ ਫ਼ਿਜ਼ਾ ਵਿਚ ਤੁਰਨ-ਫਿਰਨ ਦੀ ਬਜਾਏ ਜੇਲਾਂ ਅੰਦਰ ਡੱਕਣਾ ਚਾਹੀਦਾ ਹੈ ਕਿਉਂਕਿ ਮੁਲਜ਼ਮਾਂ ਦੀ ਕਤਾਰ ਵਿਚ ਖੜੇ ਲੋਕਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਹ ਜਾਂਚ ਅਧਿਕਾਰੀ ਨੂੰ ਡਰਾਉਣ ਤੇ ਧਮਕਾਉਣ ਦੀ ਹੈਸੀਅਤ ਅਰਥਾਤ ਸਮਰੱਥਾ ਰੱਖਦੇ ਹਨ। ਉਨ੍ਹਾਂ ਆਖਿਆ ਕਿ ਐਸਆਈਟੀ ਵਲੋਂ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਦੇ ਮਾਮਲਿਆਂ ਵਿਚ 7-7 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਸਾਰਿਆਂ ਦੇ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਅਗਾਉਂ ਜ਼ਮਾਨਤਾਂ ਹੋ ਜਾਣੀਆਂ ਸਮਝ ਤੋਂ ਬਾਹਰ ਦੀ ਗੱਲ ਹੈ। ਉਨ੍ਹਾਂ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਨਿਧੜਕ, ਨਿਡਰ, ਇਮਾਨਦਾਰ, ਬੇਦਾਗ਼ ਅਤੇ ਨਿਰਪੱਖ ਪੁਲਿਸ ਅਫ਼ਸਰ ਦਸਦਿਆਂ ਆਖਿਆ ਕਿ ਉਨ੍ਹਾਂ ਵਲੋਂ ਅਦਾਲਤ ਵਿਚ ਪੇਸ਼ ਕੀਤੀ ਜਾਣ ਵਾਲੀ ਅਖ਼ੀਰਲੀ ਚਲਾਨ ਰੀਪੋਰਟ ਨਾਲ ਸੱਭ ਕੱੁਝ ਸਪੱਸ਼ਟ ਹੋ ਜਾਵੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-19-4ਡੀ