ਕੈਪਟਨ ਲਈ ਸੌਖਾ ਨਹੀਂ ਮੁੜ ਤੋਂ ਸੱਤਾ ਦਾ ਰਾਹ! ਇਕ ਮੀਡੀਆ ਗਰੁੱਪ ਵੱਲੋਂ ਕਰਵਾਏ ਸਰਵੇ ’ਚ ਦਾਅਵਾ
‘ਆਪ’ ਨੂੰ ਦਿਖਾਇਆ ਗਿਆ ਸਭ ਤੋਂ ਵੱਡੀ ਪਾਰਟੀ
ਮੁਹਾਲੀ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭਾਵੇਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਤੋਂ ਅਪਣੀ ਸਰਕਾਰ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪਵੇਗੀ। ਜੀ ਹਾਂ, ਇਸ ਗੱਲ ਦਾ ਦਾਅਵਾ ਇਕ ਮੀਡੀਆ ਗਰੁੱਪ ਵੱਲੋਂ ਕਰਵਾਏ ਗਏ ਸੀ-ਵੋਟਰ ਸਰਵੇ ਵਿਚ ਕੀਤਾ ਗਿਆ ਹੈ।
ਇਹ ਸਰਵੇ ਸੂਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਕਰਵਾਇਆ ਗਿਆ, ਜਿਸ ਤਹਿਤ 4 ਹਜ਼ਾਰ 328 ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਸਰਵੇ ਵਿਚ ਲੋਕਾਂ ਪਾਸੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ, ਜਿਨ੍ਹਾਂ ’ਤੇ ਲੋਕਾਂ ਨੇ ਅਪਣੀ ਰਾਇ ਦਿੱਤੀ। ਹੋਰ ਕੀ ਕੁੱਝ ਸਾਹਮਣੇ ਆਇਆ ਇਸ ਸਰਵੇ ਵਿਚ, ਆਓ ਜਾਣਦੇ ਹਾਂ।
ਇਹ ਸਰਵੇ ਅਜਿਹੇ ਸਮੇਂ ਕਰਵਾਇਆ ਗਿਆ ਹੈ, ਜਦੋਂ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਜਿਸ ਦੇ ਚਲਦਿਆਂ ਕਾਂਗਰਸ ਸਰਕਾਰ ਨੇ ਮੁੜ ਤੋਂ ਸੱਤਾ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਇਆ ਹੋਇਆ ਪਰ ਇਸ ਸਰਵੇ ਵਿਚ 57 ਫ਼ੀਸਦੀ ਲੋਕਾਂ ਨੇ ਕੈਪਟਨ ਸਰਕਾਰ ਦੇ ਕੰਮਾਂ ਤੋਂ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਵਧੀਆ ਕਪਤਾਨ ਦੱਸਿਆ। ਸਰਵੇ ਮੁਤਾਬਕ ਮਹਿਜ਼ 23 ਫ਼ੀਸਦੀ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿਚ ਨਜ਼ਰ ਆਏ।
ਇਸ ਸਰਵੇ ਵਿਚ ਜੋ ਖ਼ਾਸ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ। ਸਰਵੇ ਮੁਤਾਬਕ ਜੇਕਰ ਅੱਜ ਦੀ ਘੜੀ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਆਮ ਆਦਮੀ ਪਾਰਟੀ 37 ਫ਼ੀਸਦੀ ਵੋਟ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੇਗੀ। ਜਦਕਿ ਸਰਵੇ ਵਿਚ ਕਾਂਗਰਸ ਨੂੰ 43 ਤੋਂ 49 ਅਤੇ ਅਕਾਲੀ ਦਲ ਨੂੰ 12 ਤੋਂ 18 ਸੀਟਾਂ ਮਿਲਦੀਆਂ ਦੱਸੀਆਂ ਗਈਆਂ ਹਨ। ਅਕਾਲੀ ਦਲ ਨਾਲ ਤੋੜ ਵਿਛੋੜੇ ਕਾਰਨ ਭਾਜਪਾ ਨੂੰ ਵੱਡਾ ਨੁਕਸਾਨ ਦਿਖਾਇਆ ਗਿਆ ਹੈ।
ਆਓ ਤੁਹਾਨੂੰ ਦੱਸਦੇ ਆਂ ਕਿ ਇਸ ਸਰਵੇ ਦੌਰਾਨ ਪੁੱਛੇ ਗਏ ਸਨ ਕਿਹੜੇ ਕਿਹੜੇ ਸਵਾਲ ਅਤੇ ਕਿਵੇਂ ਰਹੀ ਲੋਕਾਂ ਦੀ ਪ੍ਰਤੀਕਿਰਿਆ?
ਪੰਜਾਬ ਵਿਚ ਅਗਲੇ ਸਾਲ ਸਭ ਤੋਂ ਵੱਡਾ ਚੋਣਾਵੀ ਮੁੱਦਾ ਕੀ ਹੋਵੇਗਾ?
ਇਸ ਸਵਾਲ ਦੇ ਜਵਾਬ ਵਿਚ 19 ਫ਼ੀਸਦੀ ਲੋਕਾਂ ਨੇ ਖੇਤੀ ਕਾਨੂੰਨਾਂ ਨੂੰ ਸਭ ਤੋਂ ਵੱਡਾ ਚੋਣਾਵੀ ਮੁੱਦਾ ਦੱਸਿਆ, 12 ਫ਼ੀਸਦੀ ਲੋਕਾਂ ਨੇ ਵਿਕਾਸ, 7 ਫ਼ੀਸਦੀ ਲੋਕਾਂ ਨੇ ਕਾਨੂੰਨ ਵਿਵਸਥਾ, 4 ਫ਼ੀਸਦੀ ਲੋਕਾਂ ਨੇ ਡਰੱਗਜ਼, ਇੰਨੇ ਹੀ ਲੋਕਾਂ ਨੇ ਸਿਹਤ ਸਹੂਲਤਾਂ ਨੂੰ ਅਤੇ 9 ਫ਼ੀਸਦੀ ਲੋਕਾਂ ਨੇ ਹੋਰ ਵੱਖ ਵੱਖ ਮੁੱਦਿਆਂ ਨੂੰ ਵੱਡਾ ਚੋਣਾਵੀ ਮੁੱਦਾ ਦੱਸਿਆ। ਸਰਵੇ ਮੁਤਾਬਕ 41 ਫ਼ੀਸਦੀ ਦੇ ਨਾਲ ਰੁਜ਼ਗਾਰ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ।
ਇਸ ਦੇ ਨਾਲ ਹੀ ਸਰਵੇ ਦੌਰਾਨ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੈਪਟਨ ਸਰਕਾਰ ਦੇ 4 ਸਾਲ ਦਾ ਕੰਮਕਾਜ ਕਿਵੇਂ ਲੱਗਿਆ ਤਾਂ 57 ਫ਼ੀਸਦੀ ਲੋਕਾਂ ਨੇ ਇਸ ਤੋਂ ਨਾਖ਼ੁਸ਼ੀ ਜ਼ਾਹਰ ਕੀਤੀ, ਜਦਕਿ 14 ਫ਼ੀਸਦੀ ਲੋਕਾਂ ਨੇ ਸਰਕਾਰ ਦੇ ਕੰਮਕਾਜ ਨੂੰ ਬਹੁਤ ਚੰਗਾ ਦੱਸਿਆ। 19 ਫ਼ੀਸਦੀ ਲੋਕਾਂ ਨੇ ਸਿਰਫ਼ ਚੰਗਾ ਆਖਿਆ ਜਦਕਿ 10 ਫ਼ੀਸਦੀ ਲੋਕਾਂ ਨੇ ‘ਕੁੱਝ ਕਹਿ ਨਹੀਂ ਸਕਦੇ’ ਕਹਿ ਕੇ ਪੱਲਾ ਛੁਡਾਇਆ।
ਜੇਕਰ ਕਿਸਾਨ ਅੰਦੋਲਨ ਮੁੱਦਾ ਬਣਦਾ ਹੈ ਤਾਂ ਇਸ ਦਾ ਵੱਡਾ ਫ਼ਾਇਦਾ ਕਿਸ ਪਾਰਟੀ ਨੂੰ ਮਿਲੇਗਾ?
ਇਸ ਸਵਾਲ ਦੇ ਜਵਾਬ ਵਿਚ 26 ਫ਼ੀਸਦੀ ਲੋਕਾਂ ਨੇ ਕਾਂਗਰਸ, 14 ਫ਼ੀਸਦੀ ਨੇ ਅਕਾਲੀ ਦਲ, 29 ਫ਼ੀਸਦੀ ਨੇ ਆਪ, 6 ਫ਼ੀਸਦੀ ਦੇ ਭਾਜਪਾ, 9 ਫ਼ੀਸਦੀ ਨੇ ਕੋਈ ਅਸਰ ਨਾ ਹੋਣ ਦੀ ਗੱਲ ਆਖੀ ਜਦਕਿ 16 ਫ਼ੀਸਦੀ ਲੋਕਾਂ ਨੇ ‘ਕੁੱਝ ਕਹਿ ਨਹੀਂ ਸਕਦੇ’ ਆਖਿਆ।
ਕੀ ਕਿਸਾਨ ਅੰਦੋਲਨ ਨਾਲ ਪ੍ਰਧਾਨ ਮੰਤਰੀ ਦੀ ਪ੍ਰਸਿੱਧੀ ਪ੍ਰਭਾਵਿਤ ਹੋਈ ਹੈ?
ਇਸ ਸਵਾਲ ਦੇ ਜਵਾਬ ਵਿਚ 69 ਫ਼ੀਸਦੀ ਲੋਕਾਂ ਨੇ ‘ਹਾਂ’ ਵਿਚ ਜਵਾਬ ਦਿੱਤਾ, 17 ਫ਼ੀਸਦੀ ਲੋਕਾਂ ਨੇ ਕੋਈ ਫ਼ਰਕ ਨਹੀਂ ਪਿਆ ਆਖਿਆ ਜਦਕਿ 14 ਫ਼ੀਸਦੀ ਲੋਕਾਂ ਨੇ ‘ਕੁੱਝ ਕਹਿ ਨਹੀਂ ਸਕਦੇ’ ਦਾ ਜਵਾਬ ਦਿੱਤਾ।
ਸਰਵੇ ਵਿਚ ਲੋਕਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਤੁਹਾਨੂੰ ਲਗਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ?
ਇਸ ਦੇ ਜਵਾਬ ਵਿਚ 77 ਫ਼ੀਸਦੀ ਲੋਕਾਂ ਨੇ ਕਿਸਾਨਾਂ ਦਾ ਪੱਖ ਪੂਰਿਆ, 13 ਫ਼ੀਸਦੀ ਲੋਕਾਂ ਨੇ ‘ਨਹੀਂ’ ਵਿਚ ਜਵਾਬ ਦਿੱਤਾ ਜਦਕਿ 10 ਫ਼ੀਸਦੀ ਲੋਕਾਂ ਨੇ ‘ਕੁੱਝ ਕਹਿ ਨਹੀਂ ਸਕਦੇ’ ਆਖਿਆ।
ਕੀ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣ ਸਕਦੀ ਹੈ?
ਇਸ ਸਵਾਲ ਦੇ ਜਵਾਬ ਵਿਚ 43 ਫ਼ੀਸਦੀ ਲੋਕਾਂ ਨੇ ਹਾਮੀ ਭਰੀ, 32 ਫ਼ੀਸਦੀ ਲੋਕਾਂ ਨੇ ਨਹੀਂ ਆਖਿਆ ਜਦਕਿ 25 ਫ਼ੀਸਦੀ ਲੋਕਾਂ ਨੇ ‘ਕੁੱਝ ਕਹਿ ਨਹੀਂ ਸਕਦੇ’ ਆਖਿਆ। ਇਸ ਸਰਵੇ ਦੀ ਸੱਚਾਈ ਭਾਵੇਂ ਕੁੱਝ ਵੀ ਹੋਵੇ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਾਂਗਰਸ ਲਈ ਜਿੱਤ ਦੀ ਰਾਹ ਸੌਖੀ ਨਹੀਂ ਹੋਵੇਗੀ। ਇਸ ਗੱਲ ਨੂੰ ਸ਼ਾਇਦ ਕਾਂਗਰਸ ਵੀ ਬਾਖ਼ੂਸੀ ਸਮਝਦੀ ਹੋਵੇਗੀ, ਇਸੇ ਲਈ ਮਸ਼ਹੂਰ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ। ਖ਼ੈਰ, ਜਿੱਤ ਦਾ ਸਿਹਰਾ ਕਿਸ ਪਾਰਟੀ ਦੇ ਸਿਰ ਸਜੇਗਾ, ਇਸ ਦਾ ਅਸਲ ਪਤਾ ਤਾਂ ਚੋਣਾਂ ਤੋਂ ਬਾਅਦ ਹੀ ਚੱਲੇਗਾ।