ਬਰਗਾੜੀ ਮਾਮਲੇ ਵਿਚ ਦੋਸ਼ੀ ਜਲਦ ਬੇਨਕਾਬ ਹੋਣਗੇ ਅਤੇ ਬਖ਼ਸ਼ੇ ਨਹੀਂ ਜਾਣਗੇ: ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਲੱਖਾਂ ਦੀ ਗਿਣਤੀ ਵਿਚ ਪੰਜਾਬ ਦਾ ਕਿਸਾਨ ਦਿੱਲੀ ਵਿਖੇ ਅਪਣੇ ਹੱਕਾਂ ਦੀ ਲੜਾਈ ਲੜ

Sunil Jakhar

ਗੁਰਾਇਆ (ਜਲੰਧਰ)ਪ੍ਰਮੋਦ ਕੌਸ਼ਲ: ਬਰਗਾੜੀ ਮਾਮਲੇ ਦੇ ਦੋਸ਼ੀ ਜਲਦ ਹੀ ਬੇਨਕਾਬ ਹੋਣਗੇ ਕਿਉਂਕਿ ਜਿਹੜੀਆਂ ਫ਼ਾਈਲਾਂ ਸੀ.ਬੀ.ਆਈ ਦੱਬੀ ਬੈਠੀ ਸੀ ਨੂੰਹ-ਮਾਸ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਉਹ ਵੀ ਵਾਪਸ ਆ ਗਈਆਂ ਹਨ ਜਦਕਿ ਐਸ.ਆਈ.ਟੀ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਤਫ਼ਤੀਸ਼ ਵੀ ਪੂਰੀ ਕਰ ਲਈ ਹੈ ਅਤੇ ਚਲਾਨ ਵੀ ਪੇਸ਼ ਹੋ ਰਹੇ ਹਨ। ਇਨਸਾਫ਼ ਦੀ ਚੱਕੀ ਵਿਚ ਆਟਾ ਬਰੀਕ ਹੀ ਪੀਸ ਹੋਵੇਗਾ ਅਤੇ ਦੋਸ਼ੀ ਭਾਵੇਂ ਕੋਈ ਵੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੁਕਰਵਾਰ ਨੂੰ ਕੀਤਾ।

ਉਹ ਜ਼ਿਲ੍ਹਾ ਜਲੰਧਰ ਦੇ ਬੜਾ ਪਿੰਡ ਵਿਖੇ ਪਹੁੰਚੇ ਹੋਏ ਸਨ, ਜਿਥੇ ਉਨ੍ਹਾਂ ਪਦਮ ਵਿਭੂਸ਼ਨ ਸ਼੍ਰੋਮਣੀ ਵੈਦ ਬ੍ਰਹਿਸਪਤੀ ਦੇਵ ਤਿ੍ਰਗੁਣਾ ਜੀ ਦੇ ਨਾਮ ਉਤੇ ਨਵੀਂ ਖੋਲੀ ਗਈ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ ਕੀਤਾ। ਸ਼੍ਰੋਮਣੀ ਅਕਾਲੀ ਦਲ ਵਲੋਂ ‘ਪੰਜਾਬ ਮੰਗਦਾ ਜਵਾਬ’ ਮੁਹਿੰਮ ਤਹਿਤ ਰੈਲੀਆਂ ਸ਼ੁਰੂ ਕੀਤੀਆਂ ਗਈਆਂ ਰੈਲੀਆਂ ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ, ਫਿਰ ਪੰਜਾਬ ਅੰਦਰ ਚਿੱਟਾ ਲਿਆ ਕੇ ਨੌਜਵਾਨੀ ਬਰਬਾਦ ਕੀਤੀ ਅਤੇ ਹੁਣ ਕਿਸਾਨੀ ਮੁੱਦੇ ਨੂੰ ਲੈ ਕੇ ਖੇਤੀ ਕਾਨੂੰਨਾਂ ਦਾ ਡਟ ਕੇ ਸਾਥ ਦਿਤਾ ਅਤੇ ਕਿਸਾਨਾਂ ਨਾਲ ਧੋਖਾ ਕੀਤਾ। ਜਾਖੜ ਨੇ ਕਿਹਾ ਕਿ ਅਕਾਲੀ ਦਲ ਅਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਕਹਿੰਦੀ ਹੈ ਪਰ ਖੇਤੀ ਕਾਨੂੰਨ ਪਾਸ ਕਰਵਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਅਹਿਮ ਰੋਲ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਸੀ ਅਤੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਬਿਲਾਂ ਜੋਕਿ ਬਾਅਦ ਵਿਚ ਕਾਨੂੰਨ ਬਣੇ, ਵਿਚ ਇਨਾਂ ਨੇ ਅਪਣੀ ਸਹਿਮਤੀ ਦਿਤੀ ਸੀ। 

ਮੀਡੀਆ ਵਿਚ ਵੀ ਹਰਸਿਮਰਤ ਬਾਦਲ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਂਦੇ ਨਹੀਂ ਸੀ, ਥਕਦੇ ਅਤੇ ਇਹ ਹੁਣ ਕਿਹੜੇ ਮੂੰਹ ਨਾਲ ਕਹਿ ਰਹੇ ਹਨ ਕਿ ਇਹ ਕਿਸਾਨਾਂ ਦੇ ਨਾਲ ਨੇ। ਜਾਖੜ ਨੇ ਕਿਹਾ ਕਿ ਹਿਸਾਬ ਉਹ ਮੰਗਣ ਜਿਨਾਂ ਦਾ ਅਪਣਾ ਦਾਮਨ ਸਾਫ਼ ਹੋਵੇ, ਜਿਹੜੇ ਆਪ ਪੈਰ-ਪੈਰ ਉਤੇ ਜਵਾਨੀ ਅਤੇ ਕਿਸਾਨੀ ਦੇ ਉਜਾੜੇ ਲਈ ਜ਼ਿੰਮੇਦਾਰ ਨੇ ਉਹ ਜਵਾਬ ਕਿਹੜੇ ਮੂੰਹ ਨਾਲ ਜਵਾਬ ਮੰਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਐਲਾਨੇ ਜਾਣ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲੋਕਤੰਤਰ ਹੈ ਅਤੇ ਉਮੀਦਵਾਰ ਐਲਾਨਣ ਦਾ ਹੱਕ ਵੀ ਸਾਰਿਆਂ ਨੂੰ ਹੀ ਹੈ ਪਰ ਇਸ ਹਾਲਾਤ ਵਿਚ ਅਕਾਲੀ ਦਲ ਜਵਾਬ ਮੰਗਣ ਦੀ ਗੱਲਾਂ ਕਰਦੇ ਹੋਏ ਇਹ ਸੱਭ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਇਕ ਪਾਸੇ ਜਿਥੇ ਲੱਖਾਂ ਦੀ ਗਿਣਤੀ ਵਿਚ ਪੰਜਾਬ ਦਾ ਕਿਸਾਨ ਦਿੱਲੀ ਵਿਖੇ ਅਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ, ਦੂਜੇ ਪਾਸੇ ਕਿਸਾਨ ਦੇ ਪੁੱਤਰ ਚੀਨ ਅਤੇ ਪਾਕਿਸਤਾਨ ਦੇ ਬਾਡਰਾ ਤੇ ਦੇਸ਼ ਦੀ ਖ਼ਾਤਰ ਲੜ ਰਹੇ ਹਨ। 

ਇਨ੍ਹਾਂ ਹਾਲਾਤਾਂ ਅਤੇ ਖੇਤੀ ਕਾਨੂੰਨਾਂ ਦੇ ਪਾਪ ਲਈ ਭਾਜਪਾ ਦੇ ਨਾਲ ਨਾਲ ਅਕਾਲੀ ਦਲ ਵੀ ਬਰਾਬਰ ਦਾ ਜ਼ਿੰਮੇਦਾਰ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਕਹਾਵਤ ਸੀ ‘ਆਇਆ ਰਾਮ ਗਿਆ ਰਾਮ’ ਤੇ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਅਕਾਲੀ ‘ਪਲਟੂ ਰਾਮ’ ਦੀ ਭੂਮਿਕਾ ਵਿਚ ਹਨ ਜਿਹੜੇ ਪਹਿਲਾਂ ਸਾਥ ਦੇ ਰਹੇ ਸੀ ਤੇ ਜਦੋਂ ਦੇਖਿਆ ਕਿਸਾਨ ਵਿਰੋਧ ਵਿਚ ਆ ਗਏ ਤਾਂ ਪਲਟੀ ਮਾਰ ਕੇ ਕਾਨੂੰਨਾਂ ਦਾ ਵਿਰੋਧ ਕਰਨ ਲੱਗ ਪਏ।  ਜਾਖੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦੇ ਸਿਆਸੀ ਮੁਫ਼ਾਦ ਹੋ ਸਕਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਜਿਹੜੀ ਨਿਕਲੀ ਹੀ ਸੰਘਰਸ਼ਾਂ ਦੇ ਵਿਚੋਂ ਹੈ, ਗ਼ਰੀਬਾਂ, ਕਿਸਾਨਾਂ, ਜਵਾਨਾਂ ਦੇ ਹੱਕਾਂ ਦੀ ਰਾਖੀ ਕਰਨ ਲਈ ‘ਬਾਦਲ ਸਾਹਿਬ’ ਤਾਂ ਅਪਣੇ ਆਪ ਨੂੰ ਹਿਤੈਸ਼ੀ ਕਹਿ ਸਕਦੇ ਹਨ ਪਰ ਸੁਖਬੀਰ ਬਾਦਲ ਨਹੀਂ ਕਿਉਂਕਿ ਸੁਖਬੀਰ ਤਾਂ ਖ਼ੁਦ ਕਾਰਪੋਰੇਟ ਹੈ ਜਿਸ ਦੇ ਉਦਾਹਰਣ ਬਹੁਤ ਸਾਰੇ ਹਨ ਤੇ ਜਿਹੜੇ ਆਪ ਕਾਰਪੋਰੇਟ ਨੇ ਉਨ੍ਹਾਂ ਕਿਸਾਨਾਂ ਦੀ ਨਹੀਂ ਕਾਰਪੋਰੇਟਾਂ ਦੀ ਸੋਚ ਮੁਤਾਬਕ ਹੀ ਕੰਮ ਕਰਨਾ ਹੁੰਦਾ ਹੈ। 

ਕਾਂਗਰਸ ਪ੍ਰਧਾਨ ਜਾਖੜ ਨੇ ਭਾਜਪਾ ਦੇ ਆਗੂਆਂ ਉਤੇ ਵਿਅੰਗ ਕਸਦਿਆਂ ਕਿਹਾ ਕਿ ਭਾਜਪਾ ਦੇ ਨੁੰਮਾਇਦੇ ਟੀ.ਵੀ ਅਤੇ ਅਖ਼ਬਾਰਾਂ ਵਿਚ ਬਿਆਨਬਾਜ਼ੀ ਕਰ ਕੇ ਖੇਤੀ ਕਾਨੂੰਨਾਂ ਦੇ ਫ਼ਾਇਦੇ ਦਸ ਰਹੇ ਹਨ, ਇਹ ਫ਼ਾਇਦੇ ਉਹ ਜ਼ਰਾ ਪਿੰਡਾਂ ਵਿਚ ਆ ਕੇ ਲੋਕਾਂ ਵਿਚ ਬੈਠ ਕੇ ਦਸਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਇਨ੍ਹਾਂ ਫ਼ਾਇਦਿਆਂ ਬਾਬਤ ਪਤਾ ਲੱਗ ਸਕੇ। ਉਨ੍ਹਾਂ ਭਾਜਪਾ ਦੇ ਤਰੁਣ ਚੁੱਘ, ਇੰਚਾਰਜ ਦੁਸ਼ਿਅੰਤ ਗੌਤਮ, ਜਨਰਲ ਸਕੱਤਰਾਂ ਤਕ ਨੂੰ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਜਾ ਕੇ ਇਹ ਗੱਲਾਂ ਸਮਝਾਉ ਤਾਂ ਜ਼ਿਆਦਾ ਠੀਕ ਰਹੇਗਾ ਪਰ ਅਜਿਹਾ ਇਹ ਲੋਕ ਨਹੀਂ ਕਰ ਰਹੇ ਕਿਉਂਕਿ ਇਨ੍ਹਾਂ ਦੇ ਦਿਲ ਵਿਚ ਖੋਟ ਹੈ ਅਤੇ ਭਾਜਪਾ ਹੋਵੇ ਭਾਵੇਂ ਅਕਾਲੀ ਦਲ, ਦੋਵੇਂ ਹੀ ਪਾਰਟੀਆਂ ਪੰਜਾਬ ਦੇ ਲੋਕਾਂ ਨਾਲ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੇ ਹਾਲਾਤ ਵਿਚ ਨਹੀਂ ਹਨ ਅਤੇ ਕਾਰਨ ਕਿਸੇ ਤੋਂ ਲੁਕਿਆ ਹੋਇਆ ਨਹੀਂ। ਇਸ ਮੌਕੇ ਜਾਖੜ ਨੇ ਡਿਸਪੈਂਸਰੀ ਖੋਲ੍ਹਣ ਲਈ ਪ੍ਰਬੰਧਕਾਂ ਦਾ ਧਨਵਾਦ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਇਸ ਡਿਸਪੈਂਸਰੀ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ।