ਪੰਛੀਆਂ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਪਿੰਡ ਧੌਲਾ ਦੇ ਨੌਜਵਾਨ
ਹੁਣ ਤਕ ਪੰਜਾਬ ਭਰ ਵਿਚ ਲਗਾ ਚੁੱਕੇ ਨੇ 5000 ਆਲ੍ਹਣੇ
ਬਰਨਾਲਾ:( ਲਖਵੀਰ ਚੀਮਾ) ਵਿਸ਼ਵ ਭਰ ਵਿਚ ਅੱਜ ਅਲੋਪ ਹੋ ਰਹੀਆਂ ਪ੍ਰਜਾਤੀਆਂ ਬਚਾਉਣ ਲਈ ‘ਵਿਸ਼ਵ ਚਿੜੀ ਦਿਵਸ’ ਮਨਾਇਆ ਜਾ ਰਿਹਾ। ਪੰਜਾਬ ਵਿਚ ਵੀ ਚਿੜੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਖ਼ਤਮ ਹੋਣ ਕੰਢੇ ਪੁੱਜ ਗਈਆਂ ਹਨ, ਜਿਨ੍ਹਾਂ ਨੂੰ ਬਚਾਉਣ ਲਈ ਪੰਛੀ ਪ੍ਰੇਮੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਵੀ ਪੰਛੀ ਪ੍ਰੇਮੀ ਸੰਦੀਪ ਧੌਲਾ ਅਤੇ ਸਾਥੀਆਂ ਵੱਲੋਂ ਪੰਛੀਆਂ ਨੂੰ ਬਚਾਉਣ ਲਈ ਵਿਸ਼ੇਸ਼ ਉਪਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਪੰਜਾਬ ਭਰ ਵਿਚ 20 ਹਜ਼ਾਰ ਦੇ ਕਰੀਬ ਆਲ੍ਹਣੇ ਲਗਾਏ ਜਾ ਚੁੱਕੇ ਹਨ, ਉਥੇ ਹੀ ਪੰਛੀਆਂ ਨੂੰ ਕੁਦਰਤੀ ਰਿਹਾਇਸ਼ ਦੇਣ ਲਈ ਵੱਡੀ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ।
ਇਕੱਲੇ ਧੌਲਾ ਪਿੰਡ ਵਿਚ ਹੁਣ ਤਕ 5 ਹਜ਼ਾਰ ਦੇ ਕਰੀਬ ਆਲ੍ਹਣੇ ਵੱਖ ਵੱਖ ਥਾਵਾਂ ’ਤੇ ਲਗਾਏ ਜਾ ਚੁੱਕੇ ਹਨ। ਪੰਛੀ ਪ੍ਰੇਮੀ ਸੰਦੀਪ ਧੌਲਾ ਅਤੇ ਸਾਥੀਆਂ ਨੇ ਦੱਸਿਆ ਕਿ ਰੁੱਖਾਂ ਦੀ ਵੱਡੇ ਪੱਧਰ ’ਤੇ ਕਟਾਈ ਹੋਣ ਕਰਕੇ ਪੰਛੀਆਂ ਦੇ ਰੈਣ ਬਸੇਰੇ ਖ਼ਤਮ ਹੋ ਰਹੇ ਹਨ, ਜਿਸ ਕਾਰਨ ਪੰਛੀ ਬੇਘਰ ਹੋ ਕੇ ਹੌਲੀ ਹੌਲੀ ਖ਼ਤਮ ਹੋ ਰਹੇ ਹਨ।
ਉਨ੍ਹਾਂ ਆਖਿਆ ਕਿ ਪੰਛੀ ਕੁਦਰਤ ਦੀ ਅਨਮੋਲ ਅਮਾਨਤ ਨੇ, ਜਿਨ੍ਹਾਂ ਨੂੰ ਬਚਾਉਣਾ ਸਾਡਾ ਫ਼ਰਜ਼ ਹੈ। ਦੱਸ ਦਈਏ ਕਿ ਸੰਦੀਪ ਧੌਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿੰਡ ਵਚ 500 ਨਵੇਂ ਆਲ੍ਹਣੇ ਲਗਾ ਕੇ ਵਿਸ਼ਵ ਚਿੜੀ ਦਿਵਸ ਮਨਾਇਆ ਅਤੇ ਹੋਰ ਲੋਕਾਂ ਨੂੰ ਵੀ ਪੰਛੀਆਂ ਨੂੰ ਬਚਾਉਣ ਦੀ ਅਪੀਲ ਕੀਤੀ।