ਇਟਲੀ ’ਚ ਪਲਾਸਟਿਕ ਦੇ ਚਕਵੇਂ ਘਰ ਨੂੰ ਲੱਗੀ ਅੱਗ

ਏਜੰਸੀ

ਖ਼ਬਰਾਂ, ਪੰਜਾਬ

ਇਟਲੀ ’ਚ ਪਲਾਸਟਿਕ ਦੇ ਚਕਵੇਂ ਘਰ ਨੂੰ ਲੱਗੀ ਅੱਗ

image

ਜਲੰਧਰ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਝੁਲਸਣ ਨਾਲ 

ਮਿਲਾਨ, 19 ਮਾਰਚ : ਇਟਲੀ ਦੇ ਜ਼ਿਲ੍ਹਾ ਲਾਤੀਨਾ ਸ਼ਹਿਰ ਸਨ ਫ਼ਲੀਚੇ ਦੇ ਖੇਤੀ ਇਲਾਕੇ ਵਿਚ ਇਕ ਦਿਲ ਕੰਬਾਊ ਹਾਦਸਾ ਵਾਪਰਨ ਦਾ ਸਮਾਚਾਰ ਹੈ। ਇਥੇ ਦੋ ਪੰਜਾਬੀ ਨੌਜਵਾਨ ਸਾਰਾ ਦਿਨ ਖੇਤਾਂ ਵਿਚ ਕੰਮ ਕਰਨ ਉਪੰਰਤ ਘਰ ਆ ਕੇ ਰੋਟੀ ਬਣਾਉਣ ਲੱਗੇ ਤਾਂ ਉਨ੍ਹਾਂ ਦੇ ਘਰ ਵਿਚ ਠੰਢ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਲੱਗੇ ਹੀਟਰ ਕਾਰਨ ਕਮਰੇ ਨੂੰ ਅੱਗ ਲੱਗ ਗਈ ਜਿਸ ਵਿਚ ਇਕ ਪੰਜਾਬੀ ਨੌਜਵਾਨ ਦੀ ਝੁਲਸਣ ਨਾਲ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਲਛਮਣ ਦਾਸ ਲਾਡੀ (40) ਵਾਸੀ ਲੱਧੇਵਾਲੀ (ਜਲੰਧਰ) ਜੋ  ਇਟਲੀ ਵਿਚ ਖੇਤੀ-ਬਾੜੀ ਦਾ ਕੰਮ ਕਰਦਾ ਸੀ ਤੇ ਅਪਣੇ ਕੰਮ ਦੇ ਇਟਾਲੀਅਨ ਮਾਲਕ ਦੇ ਘਰ ਦੇ ਬਾਹਰ ਇਕ ਕੰਮ ਚਲਾਊ ਚੱਕਵੇਂ ਕਮਰੇ ਵਿਚ ਜ਼ਿੰਦਗੀ ਦੇ ਦਰਦ ਹੰਢਾਅ ਰਿਹਾ ਸੀ। ਬੀਤੀ ਸ਼ਾਮ 6 ਵਜੇ ਤੋਂ ਬਾਅਦ ਜਦੋਂ ਲਛਮਣ ਦਾਸ ਤੇ ਉਸ ਦਾ ਸਾਥੀ ਕੰਮ ਤੋਂ ਘਰ ਆ ਕੇ ਅਪਣੇ ਲਈ ਰੋਟੀ ਤਿਆਰ ਕਰਨ ਲੱਗੇ ਤੇ ਅਪਣੇ ਸੌਣ ਵਾਲੇ ਪਲਾਸਟਿਕ ਦੇ ਬਣੇ ਕਮਰੇ ਨੂੰ ਨਿੱਘਾ ਕਰਨ ਲਈ ਹੀਟਰ ਚਲਾ ਆਏ ਤੇ ਖ਼ੁਦ ਰਸੋਈ ਵਿਚ ਖਾਣਾ ਬਣਾਉਣ ਲੱਗੇ। ਇਸ ਦੌਰਾਨ ਹੀ ਹੀਟਰ ਦਾ ਸੇਕ ਇੰਨਾ ਹੋ ਗਿਆ ਕਿ ਕਮਰੇ ਵਿਚ ਅੱਗ ਲੱਗ ਗਈ ਤੇ ਜਦੋਂ ਖਾਣਾ ਤਿਆਰ ਕਰ ਲਛਮਣ ਦਾਸ ਅਪਣੇ ਕਮਰੇ ਅੰਦਰ ਗਿਆ ਤਾਂ ਅੱਗ ਦੀਆਂ ਤੇਜ਼ ਲਪਟਾਂ ਨਾਲ ਕਮਰੇ ਅੰਦਰ ਭਾਂਬੜ ਮੱਚੇ ਹੋਏ ਸਨ। ਇਹ ਦੇਖ ਕੇ ਲਛਮਣ ਦਾਸ ਅਪਣੇ ਪੇਪਰ ਤੇ ਹੋਰ ਜ਼ਰੂਰੀ ਸਾਮਾਨ ਅੱਗ ਤੋਂ ਬਚਾਉਣ ਲਈ ਕਮਰੇ ਅੰਦਰ ਜਾ ਵੜਿਆ ਤੇ ਜਦੋਂ ਕਮਰੇ ਵਿਚ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਉਸ ਦੇ ਉਪਰ ਆ ਡਿੱਗੀ ਜਿਸ ਦੇ ਹੇਠਾਂ ਤੋਂ ਨਿਕਲਣ ਲਈ ਉਸ ਨੇ ਅਪਣੇ ਆਖ਼ਰੀ ਸਾਹਾਂ ਤਕ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਪਟਾਂ ਨੇ ਉਸ ਦੇ ਸਰੀਰ ਦੇ ਕੁਝ ਪਲਾਂ ਵਿਚ ਹੀ ਕੋਲੇ ਬਣਾ ਦਿਤੇ।
 ਮ੍ਰਿਤਕ ਲਛਮਣ ਦਾਸ ਦੇ ਦੂਜੇ ਸਾਥੀ ਨੇ ਉਸ ਨੂੰ ਅੱਗ ਵਿਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਇਸ ਜਦੋ-ਜਹਿਦ ਵਿਚ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ ਪਰ ਉਸ ਦੀ ਕੋਈ ਪੇਸ਼ ਨਾ ਚੱਲ ਸਕੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਜਿਹੜੀ ਕਿ ਘਟਨਾ ਦੇ ਕਾਰਣਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਲਛਮਣ ਦਾਸ ਅਪਣੇ ਪਿਛੇ ਵਿਧਵਾ ਪਤਨੀ ਤੋਂ ਇਲਾਵਾ ਇਕ 3 ਸਾਲ ਦੀ ਧੀ ਨੂੰ ਰੋਂਦੇ ਛੱਡ ਗਿਆ ਜਦਕਿ ਉਸ ਦੇ ਮਾਪੇ ਪਹਿਲਾਂ ਹੀ ਸਵਰਗ ਸਿਧਾਰ ਚੁਕੇ ਹਨ। (ਏਜੰਸੀ)