ਨਾਰਵੇ ’ਚ ਅਮਰੀਕੀ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, ਚਾਰ ਫ਼ੌਜੀਆਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਾਰਵੇ ’ਚ ਅਮਰੀਕੀ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, ਚਾਰ ਫ਼ੌਜੀਆਂ ਦੀ ਮੌਤ

image

ਹੇਲਸਿੰਕੀ, 19 ਮਾਰਚ : ਨਾਰਵੇ ਵਿਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇਕ ਜਹਾਜ਼ ਹਾਦਸੇ ਵਿਚ 4 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨੇ ਦਿਤੀ। ਜੋਨਾਸ ਸਟੋਰ ਨੇ ਟਵੀਟ ਕੀਤਾ ਕਿ ਸ਼ੁਕਰਵਾਰ ਰਾਤ ਨੂੰ ਵਾਪਰੇ ਇਸ ਹਾਦਸੇ ਵਿਚ 4 ਅਮਰੀਕੀ ਫ਼ੌਜੀ ਮਾਰੇ ਗਏ।
ਉਨ੍ਹਾਂ ਟਵੀਟ ਕੀਤਾ, ‘‘ਅਮਰੀਕਾ ਦੇ ਇਹ ਫ਼ੌਜੀ ਨਾਟੋ ਦੇ ਇਕ ਸਾਂਝੇ ਅਭਿਆਸ ਵਿਚ ਹਿੱਸਾ ਲੈ ਰਹੇ ਸਨ। ਅਸੀਂ ਮਾਰੇ ਗਏ ਸੈਨਿਕਾਂ ਦੇ ਪਰਵਾਰਾਂ ਅਤੇ ਸਾਥੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।” ਨਾਰਵੇ ਦੀ ਫ਼ੌਜ ਅਨੁਸਾਰ, ਜੋ ਜਹਾਜ਼ ਕਰੈਸ਼ ਹੋਇਆ, ਉਹ ਯੂ.ਐਸ. ਨੇਵੀ ਵੀ-22ਬੀ ਓਸਪ੍ਰੇ ਏਅਰਕ੍ਰਾਫ਼ਟ ਸੀ। ਨਾਰਵੇ ਦੀ ਫ਼ੌਜ ਵਲੋਂ ਜਾਰੀ ਬਿਆਨ ਮੁਤਾਬਕ ਜਹਾਜ਼ ’ਚ ਚਾਲਕ ਦਲ ਦੇ ਕੁਲ 4 ਮੈਂਬਰ ਸਵਾਰ ਸਨ ਅਤੇ ਇਹ ਨੌਰਡਲੈਂਡ ਕਾਊਂਟੀ ’ਚ ਇਕ ਟ੍ਰੇਨਿੰਗ ਆਪਰੇਸ਼ਨ ’ਚ ਹਿੱਸਾ ਲੈ ਰਿਹਾ ਸੀ।
ਨਾਰਵੇ ਨੇ ਕਿਹਾ ਕਿ ਜਹਾਜ਼ ‘ਕੋਲਡ ਰਿਸਪਾਂਸ’ ਫ਼ੌਜੀ ਅਭਿਆਸ ’ਚ ਹਿੱਸਾ ਲੈ ਰਿਹਾ ਸੀ। ਇਸ ਅਭਿਆਸ ਤਹਿਤ ਨਾਟੋ ਦੇ ਮੈਂਬਰ ਦੇਸ਼ਾਂ ਦੇ ਫ਼ੌਜੀ ਭਿਆਨਕ ਠੰਢ ਦੇ ਵਿਚਕਾਰ ਨਾਰਵੇ ਦੀ ਫ਼ੌਜ ਨਾਲ ‘‘ਸਿਖ਼ਲਾਈ ਅਤੇ ਸੰਚਾਲਨ” ਕਰ ਰਹੇ ਸਨ। ਨਾਰਵੇ ਅਨੁਸਾਰ ਇਸ ਅਭਿਆਸ ਦਾ ਯੂਕ੍ਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਦੀ ਯੋਜਨਾ ਬਹੁਤ ਪਹਿਲਾਂ ਕੀਤੀ ਗਈ ਸੀ।  (ਏਜੰਸੀ)