ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲਾ : AIG ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਾਲੀ SIT ਕਰੇਗੀ ਜਾਂਚ

ਏਜੰਸੀ

ਖ਼ਬਰਾਂ, ਪੰਜਾਬ

ਨਵੀਂ ਬਣੀ SIT 'ਚ 2 AIG ਤੇ 2 DSP ਹਨ ਸ਼ਾਮਲ 

new sit formed to investigate into bikram majithia drug case

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤੇ ਗਏ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਏ.ਆਈ.ਜੀ. ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਦੀ ਜਗ੍ਹਾ ਹੁਣ ਨਵੀਂ SIT ਦਾ ਗਠਨ ਕੀਤਾ ਗਿਆ ਹੈ। ਨਵੀਂ ਜਾਂਚ ਟੀਮ ਦਾ ਗਠਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਵਾਨਗੀ ਨਾਲ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਏ.ਆਈ.ਜੀ. ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਾਲੀ ਐਸ.ਆਈ.ਟੀ.'ਚ 2 AIG ਤੇ 2 DSP ਸ਼ਾਮਲ ਹਨ। ਇਸ ਟੀਮ ਵਿੱਚ ਏ.ਆਈ.ਜੀ. ਐਸ. ਰਾਹੁਲ, ਏ.ਐਸ.ਆਈ. ਰਣਜੀਤ ਸਿੰਘ ਢਿੱਲੋਂ ਤੋਂ ਇਲਾਵਾ ਡੀ.ਐਸ.ਪੀ. ਰਘਬੀਰ ਸਿੰਘ ਅਤੇ ਡੀ.ਐਸ.ਪੀ. ਅਮਰਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬਲਰਾਜ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਐਸ.ਆਈ.ਟੀ. ’ਤੇ ਪਿਛਲੀ ਸਰਕਾਰ ਦੌਰਾਨ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ। ਏ.ਆਈ.ਜੀ. ਬਲਰਾਜ ਸਿੰਘ ਦੇ ਬੇਟੇ ਪ੍ਰਿੰਸਪ੍ਰੀਤ ਸਿੰਘ ਦੀ ਸਬ-ਇੰਸਪੈਕਟਰ ਤੋਂ ਇੰਸਪੈਕਟਰ ਵਜੋਂ ਤਰੱਕੀ ਕਰਨਾ ਵੀ ਇਨ੍ਹਾਂ ਵਿਚੋਂ ਇੱਕ ਇਤਰਾਜ਼ ਸੀ।

ਇਸ ਤੋਂ ਇਲਾਵਾ ਇਹ ਵੀ ਚਰਚਾ ਰਹੀ ਕਿ ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਰਾਜਸੀ ਦ੍ਰਿਸ਼ ਨੂੰ ਵੇਖ਼ਦਿਆਂ ਅਤੇ ਅਕਾਲੀ ਦਲ ਦੇ ਮੁੜ ਸੱਤਾ ਵਿੱਚ ਆਉਣ ਦੀਆਂ ‘ਸੰਭਾਵਨਾਵਾਂ’ ਦੇ ਚੱਲਦਿਆਂ ਬਿਕਰਮ ਸਿੰਘ ਮਜੀਠੀਆ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਚੋਣਾਂ ਤੋਂ ਬਾਅਦ 23 ਫ਼ਰਵਰੀ ਨੂੰ ਅਦਾਲਤ ਵਿੱਚ ਸਰੰਡਰ ਕੀਤੇ ਜਾਣ ਮੌਕੇ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਸੀ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ 23 ਫ਼ਰਵਰੀ ਨੂੰ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਅਜੇ ਤੱਕ ਪਟਿਆਲਾ ਜੇਲ੍ਹ ਵਿੱਚ ਹਨ।