ਬਠਿੰਡਾ: ਡਿਪਟੀ ਕਮਿਸ਼ਨਰ ਨੇ ਸ਼ਹਿਰ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਚ ਅਮਨ-ਸ਼ਾਂਤੀ ਬਹਾਲ ਰੱਖਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਨੁਮਾਇੰਦਿਆਂ ਕੀਤੀ ਸ਼ਲਾਘਾ

PHOTO

 

 ਬਠਿੰਡਾ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਮੌਜੂਦਾ ਮਾਹੌਲ ਨੂੰ ਦੇਖਦਿਆਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਅਮਨ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਐਸਐਸਪੀ ਸ. ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਵੱਖ-ਵੱਖ ਧਰਮਾਂ, ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ, ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਮੋਹਤਬਾਰ ਪਤਵੰਤੇ ਆਦਿ ਮੌਜੂਦ ਰਹੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਭਾਰਤੀ ਸੰਵਿਧਾਨ ਦੀ ਪਾਲਣਾ ਕਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਜਿਥੇ ਵਧਾਈ ਦਿੱਤੀ ਉੱਥੇ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਏਕਤਾ ਵਿੱਚ ਹੀ ਅਨੇਕਤਾ ਹੈ ਤੇ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕੋਈ ਵੀ ਧਰਮ ਕਿਸੇ ਵੀ ਧਰਮ ਨਾਲ ਵੈਰ-ਵਿਰੋਧਤਾ ਰੱਖਣੀ ਨਹੀਂ ਸਿਖਾਉਂਦਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਭਵਿੱਖ ਵਿੱਚ ਵੀ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਅੰਦਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਬੰਧਤ ਐਸਡੀਐਮ, ਨੇੜੇ ਦੇ ਥਾਣੇ ਚ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਦਰਜ਼ ਕਰਵਾ ਸਕਦਾ ਹੈ। ਇਸ ਦੌਰਾਨ ਐਸਐਸਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਬਰਕਰਾਰ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸ਼ੋਸਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸ਼ੋਸ਼ਲ ਮੀਡੀਆ ਰਾਹੀਂ ਗਲਤ ਅਫ਼ਵਾਹਾਂ ਫ਼ੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮੌਕੇ ਜੱਥੇਦਾਰ ਬਲਮ ਸਿੰਘ ਤਰਨਾਦਲ ਤਲਵੰਡੀ ਸਾਬੋ, ਜੱਥੇਦਾਰ ਗੁਰਮੀਤ ਸਿੰਘ ਘਾਲ ਮੁਖੀ ਮੀਰੀ-ਪੀਰੀ ਲਹਿਰ, ਨਛੱਤਰ ਸਿੰਘ ਸਿੱਧੂ, ਸ. ਦੀਦਾਰ ਸਿੰਘ ਰਾਮਾਂ ਮੰਡੀ ਜਸਵੀਰ ਸਿੰਘ ਮਹਿਰਾਜ ਅਤੇ ਜਸਪਾਲ ਸਿੰਘ ਆਦਿ ਵਲੋਂ ਆਪੋਂ-ਆਪਣੇ ਵਿਚਾਰ ਸਾਂਝੇ ਕਰਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਜ਼ਿਲ੍ਹੇ ਅੰਦਰ ਕਾਨੂੰਨ ਵਿਸਸਥਾ ਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਐਸਪੀ ਜੀਐਸ ਸੰਘਾ, ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਅਤੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਧਾਰਮਿਕ-ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ, ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਮੋਹਤਬਾਰ ਪਤਵੰਤੇ ਆਦਿ ਮੌਜੂਦ ਰਹੇ।