ਭਾਈ ਹਵਾਰਾ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਖ਼ਾਮੋਸ਼ ਤਸੀਹੇ ਦੇ ਕੇ ਕੀਤੀ ਹਤਿਆ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਿਸੇ ਬੰਦੀ ਸਿੰਘ ਨੂੰ ਮੈਡੀਕਲ ਸਹਾਇਤਾ ਦੇਣ ਸਬੰਧੀ ਅਦਾਲਤੀ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ

Havara

 ਕੇਂਦਰੀ ਜੇਲ ਪਟਿਆਲਾ ਵਿਚ ਹੋਈ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ 'ਤੇ ਚੁਫ਼ੇਰਿਉਂ ਚਰਚਾ ਹੋ ਰਹੀ ਹੈ। ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰ ਬੰਦ ਭਾਈ ਜਗਤਾਰ ਸਿੰਘ ਹਵਾਰਾ  ਨੇ ਹਰਮਿੰਦਰ ਸਿੰਘ ਮਿੰਟੂ ਦੀ ਅਦਾਲਤੀ ਹਿਰਾਸਤ ਵਿਚ ਇਲਾਜ ਦੀ ਅਣਹੋਂਦ ਵਿਚ ਹੋਈ ਮੌਤ ਦਾ ਤਿੱਖਾ ਨੋਟਿਸ ਲਿਆ।ਹਵਾਰਾ ਨੇ ਮਿੰਟੂ ਦੀ ਮੌਤ ਨੂੰ ਖ਼ਾਮੋਸ਼ ਤਸੀਹੇ ਦੇ ਕੇ ਕੀਤੀ ਗਈ ਹਤਿਆ ਕਰਾਰ ਦਿਤਾ ਹੈ, ਨਾਲ ਹੀ ਪੰਥਕ ਧਿਰਾਂ ਨੂੰ ਇਸ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਅਤੇ ਅੰਤਰਰਾਸ਼ਟਰੀ ਪੱਧਰ ਤਕ ਚਾਰਜੋਈ ਕਰਨ ਲਈ ਕਿਹਾ। ਇਸ ਸਬੰਧੀ ਮੀਡੀਆ ਨੂੰ ਭੇਜੀ ਜਾਣਕਾਰੀ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਧਰਮ ਪਿਤਾ  ਗੁਰਚਰਨ ਸਿੰਘ ਪਟਿਆਲਾ ਨੇ ਸਾਂਝੇ ਤੌਰ 'ਤੇ ਦਸਿਆ ਕਿ ਭਾਈ ਹਵਰਾ ਨੇ ਕਿਹਾ ਕਿ ਵੈਸੇ ਤਾਂ ਜੇਲ ਅੰਦਰ ਬੰਦ ਮੁਲਜ਼ਮ ਅਦਾਲਤ ਦੀ ਹਿਰਾਸਤ ਵਿਚ ਹੁੰਦਾ ਹੈ, ਪਰ ਸਿੱਖ ਬੰਦੀਆਂ ਦੇ ਮਾਮਲੇ ਵਿਚ ਕਿਸੇ ਬੰਦੀ ਸਿੰਘ ਨੂੰ ਮੈਡੀਕਲ ਸਹਾਇਤਾ ਦੇਣ ਸਬੰਧੀ ਅਦਾਲਤੀ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਜੇਲ ਅੰਦਰ ਸਿੱਖ ਬੰਦੀਆਂ ਨਾਲ ਜਾਣ-ਬੁਝ ਕੇ ਵਿਤਕਰਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਬਣਦੇ ਹੱਕ ਨਹੀਂ ਦਿਤੇ ਜਾਂਦੇ। ਇਸ ਤਸ਼ੱਦਦ ਦਾ ਹੀ ਇਕ ਵਖਰਾ ਰੂਪ ਹੈ ਜੋ ਕਿ ਸਿੱਖ ਬੰਦੀਆਂ 'ਤੇ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਹਰਮਿੰਦਰ ਸਿੰਘ ਇਸੇ ਤਸ਼ੱਦਦ ਦਾ ਸ਼ਿਕਾਰ ਹੋਏ ਹਨ। ਭਾਈ ਹਵਾਰਾ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਜੇਲਾਂ ਵਿਚ ਬੰਦ ਸਿੰਘਾਂ ਨੂੰ ਸਿਆਸੀ ਕੈਦੀ ਮੰਨਿਆ ਜਾਣਾ ਚਾਹੀਦਾ ਹੈ ਤੇ ਉਸ ਕਾਨੂੰਨ ਅਨੁਸਾਰ ਤਹਿ ਕੀਤੀਆਂ ਸਹੂਲਤਾਂ ਜੇਲਾਂ ਅੰਦਰ ਉਨ੍ਹਾਂ ਨੂੰ ਮਿਲਣੀਆਂ ਚਾਹੀਦੀਆਂ ਹਨ, ਪਰ ਜੇਲਾਂ ਵਿਚ ਬੰਦ ਸਿੰਘਾਂ ਨੂੰ ਸਗੋਂ ਆਮ ਕੈਦੀਆਂ ਵਾਲੀਆਂ ਸਹੂਲਤਾਂ ਵੀ ਨਹੀਂ ਦਿਤੀਆਂ ਜਾਂਦੀਆਂ । ਬੁਲਾਰੇ ਨੇ ਦਸਿਆ ਕਿ  ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਇਹ ਮੌਤ ਨਹੀਂ ਬਲਕਿ ਖ਼ਾਮੋਸ਼ ਤਸੀਹੇ ਦੇ ਕੇ ਕੀਤੀ ਗਈ ਇਕ ਹਤਿਆ ਹੈ। 

ਸਮੂਹ ਪੰਥਕ ਧਿਰਾਂ ਵਲੋਂ ਹਰਮਿੰਦਰ ਸਿੰਘ ਮਿੰਟੂ ਦੀ ਇਸ ਹਤਿਆ ਵਿਰੁਧ ਅੰਤਰਰਾਸ਼ਟਰੀ ਪੱਧਰ 'ਤੇ ਆਵਾਜ਼ ਬੁਲੰਦ ਕਰ ਕੇ ਕਿਸੇ ਬਾਹਰ ਦੀ ਸੰਸਥਾ ਨੂੰ ਭਾਰਤੀ ਜੇਲਾਂ ਵਿਚ ਬੰਦ ਸਿੱਖ ਬੰਦੀਆਂ ਨਾਲ ਮਿਲਣ ਲਈ ਤਿਆਰ ਕੀਤਾ ਜਾਵੇ। ਜੇਕਰ ਭਾਰਤ ਸਰਕਾਰ ਇਸ ਵਿਚ ਰੁਕਾਵਟ ਬਣਦੀ ਹੈ ਤਾਂ ਭਾਰਤੀ ਹਕੂਮਤ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਚਹਿਰੀ ਵਿਚ ਜਵਾਬ ਦੇਣ ਲਈ ਮਜਬੂਰ ਕੀਤਾ ਜਾਵੇ।  ਅੰਤ ਵਿਚ ਭਾਈ ਹਵਾਰਾ ਨੇ ਕਿਹਾ ਕਿ ਭਾਰਤੀ ਹਕੂਮਤ ਬੰਦੀ ਸਿੰਘਾਂ ਦੇ ਸਿਰੜ ਨੂੰ ਤੋੜਨ ਲਈ ਲੰਮੇ ਸਮੇਂ ਤੋਂ ਉਨ੍ਹਾਂ 'ਤੇ ਖਾਮੋਸ਼ ਤਸ਼ੱਦਦ ਢਾਹ ਰਹੀ ਹੈ ਅਤੇ ਇਸੇ ਤਹਿਤ ਹਰਮਿੰਦਰ ਸਿੰਘ ਮਿੰਟੂ ਦੀ ਹਤਿਆ ਹੋਈ  ਹੈ। ਜੇ ਭਾਰਤੀ ਹਕੂਮਤ ਸਮਝਦੀ ਹੈ ਕਿ ਇਸੇ ਤਰ੍ਹਾਂ ਦੇ ਤਸ਼ੱਦਦ ਨਾਲ ਉਹ ਬੰਦੀ ਸਿੰਘਾਂ ਨੂੰ ਝੁਕਾ ਲਵੇਗੀ ਤਾਂ ਇਹ ਉਸ ਦੀ ਗ਼ਲਤਫ਼ਹਿਮੀ ਹੈ। ਉਨ੍ਹਾਂ ਕਿਹਾ ਕਿ ਅਸੀ ਬੰਦੀ ਛੋੜ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਹਾਂ, ਜਿਨ੍ਹਾਂ ਤੋਂ ਸਾਨੂੰ ਹਕੂਮਤ ਨੂੰ ਗੋਡੇ ਪਰਨੇ ਕਰ ਦੇਣ ਵਾਲੇ ਸਿਦਕ ਦੀ ਗੁੜਤੀ ਮਿਲੀ ਹੋਈ ਹੈ। ਦੁਨੀਆਂ ਦਾ ਕੋਈ ਵੀ ਜ਼ੁਲਮ ਤੇ ਤਸ਼ੱਦਦ  ਸਾਨੂੰ ਅਪਣੇ ਅਕੀਦੇ ਅਤੇ ਨਿਸ਼ਾਨੇ ਤੋਂ ਬਿੜਕਾ ਨਹੀਂ ਸਕਦਾ । ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਹੈ ਜੇਲਾਂ ਵਿਚ ਬੰਦ ਸਿੰਘ ਸਿੱਖ ਕੌਮ ਪ੍ਰਤੀ ਅਪਣੇ ਬਣਦੇ ਫ਼ਰਜ਼ ਨਿਭਾਉਣ ਕਾਰਨ ਹੀ ਜੇਲਾਂ ਵਿਚ ਬੰਦ ਹਨ ਅਤੇ ਸਮੁੱਚੀ ਕੌਮ ਦੇ ਇਨ੍ਹਾਂ ਬੰਦੀ ਸਿੰਘਾਂ ਪ੍ਰਤੀ ਜੋ ਫ਼ਰਜ਼ ਬਣਦੇ ਹਨ ਉਹ ਨਿਭਾਉਣ ਲਈ ਅੰਤਰਰਾਸ਼ਟਰੀ ਪੱਧਰ ਤਕ ਆਵਾਜ਼ ਬੁਲੰਦ ਕੀਤੀ ਜਾਵੇ।