ਹਿਮਾਚਲ ਦੇ ਮੁੱਖ ਮੰਤਰੀ ਦਾ ਚੰਡੀਗੜ੍ਹ 'ਤੇ ਹੱਕ ਜਤਾਣਾ ਬੇਤੁਕਾ : ਪੰਜਾਬ ਭਾਜਪਾ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕੋਲ ਵਾਧੂ ਪਾਣੀ ਨਹੀਂ: ਮਲਿਕ

Shwet Malik

ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਉਹ ਹਰਿਆਣਾ ਤੇ ਹਿਮਾਚਲ ਨੂੰ ਪਾਣੀ ਜਾਂ ਬਿਜਲੀ ਦੇਣ ਦੇ ਹੱਕ ਵਿਚ ਨਹੀਂ ਹਨ।  ਤਿੰਨ ਦਿਨ ਪਹਿਲਾਂ ਹਿਮਾਚਲ ਵਿਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਚੰਡੀਗੜ੍ਹ ਤੇ ਬਿਜਲੀ ਪਾਣੀ ਵਿਚ ਹਿੱਸਾ ਮੰਗਣ ਬਾਰੇ ਪੁੱਛੇ ਸਵਾਲ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਇਹ ਤਾਂ ਧੱਕੇ ਨਾਲ ਇੰਦਰਾ ਗਾਂਧੀ ਸਰਕਾਰ ਨੇ ਰਾਵੀ ਬਿਆਸ ਦਰਿਆਵਾਂ ਦੇ ਵਾਧੂ ਪਾਣੀ ਦੇ ਝੂਠੇ
ਅੰਕੜੇ ਦੇ ਕੇ ਐਸਵਾਈਐਲ ਦਾ ਰੇੜਕਾ ਖੜਾ ਕੀਤਾ ਸੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਚੰਡੀਗੜ੍ਹ 'ਤੇ ਹੱਕ ਮੰਗਣਾ ਬੇਤੁਕੀ ਗੱਲ ਹੈ।  ਅੱਜ ਪ੍ਰੈੱਸ ਕਲੱਬ ਵਿਚ ਤਿੰਨ ਵਾਰ ਕੌਂਸਲਰ ਤੇ ਅੰਮ੍ਰਿਤਸਰ ਦੇ ਮੇਅਰ ਰਹੇ ਤੇ ਹੁਣ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਸਪੱਸ਼ਟ ਕੀਤਾ ਕਿ ਭ੍ਰਿਸ਼ਟਾਚਾਰ, ਘੁਟਾਲਿਆਂ ਅਤੇ 12,00,000 ਕਰੋੜ ਦੇ ਸਕੈਂਡਲਾਂ ਕਰ ਕੇ, ਕਾਂਗਰਸ ਦੀ ਕੇਂਦਰ ਸਰਕਾਰ ਅਤੇ ਸੂਬਿਆ ਵਿਚ 12 ਸਰਕਾਰਾਂ ਪਿਛਲੇ ਛੇ ਸਾਲਾਂ 'ਚ ਹਾਰ ਚੁਕੀਆਂ ਹਨ। ਸ਼ਵੇਤ ਮਲਿਕ ਨੇ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ਨੇ ਤਾਂ ਇਸ ਐਕਟ ਨੂੰ ਹੋਰ ਸਖ਼ਤ ਕੀਤਾ ਅਤੇ ਡਾ. ਅੰਬੇਦਕਰ ਨੂੰ 125 ਕਰੋੜ ਭਾਰਤੀਆਂ ਦਾ ਨੇਤਾ ਮੰਨਿਆ ਜਦਕਿ ਕਾਂਗਰਸ ਪਾਰਟੀ ਤੇ ਕਾਂਗਰਸ ਸਰਕਾਰਾਂ ਨੇ ਇਸ ਨੇਤਾ ਨੂੰ ਭੁਲਾ ਹੀ ਦਿਤਾ ਸੀ।

ਗਾਂਧੀ ਪਰਵਾਰ 'ਤੇ ਚੋਭ ਮਾਰਦਿਆਂ ਉਨ੍ਹਾਂ ਕਿਹਾ ਕਿ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ, ਰਾਹੁਲ, ਪਿਅੰਕਾ ਤੋਂ ਇਲਾਵਾ ਇਸ ਪਾਰਟੀ ਨੂੰ ਕੋਈ ਹੋਰ ਨੇਤਾ ਨਜ਼ਰ ਹੀ ਨਹੀਂ ਆਉਂਦਾ ਅਤੇ ਸੀਮਾ ਰਾਮ ਕੇਸਰੀ ਵਰਗੇ ਦਲਿਤ ਨੇਤਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਪੰਜਾਬ ਵਿਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰ ਕੇ ਬਣਾਈ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਵਿਧਾਇਕਾਂ ਵਿਚ ਮਾਯੂਸੀ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਪਿਛਲੇ 50 ਸਾਲਾਂ ਤੋਂ ਚਲ ਰਿਹਾ ਗਠਜੋੜ ਅੱਗੇ ਵੀ ਕਾਇਮ ਰਹੇਗਾ ਅਤੇ ਅਗਲੇ ਸਾਲ ਲੋਕ ਸਭਾ ਚੋਣਾਂ ਵਿਚ ਕੁਲ ਸੀਟਾਂ 'ਤੇ ਜਿੱਤ ਦਾ ਦਾਅਵਾ ਕਰ ਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਦੀ ਸਾਂਝ ਪੰਜਾਬ ਵਿਚ ਹਿੱਦੂ ਤੇ ਸਿੱਖਾਂ ਵਿਚਾਲੇ ਭਾਈਚਾਰੇ ਦਾ ਪ੍ਰਤੀਕ ਹੈ। ਵੱਡੇ ਬਾਦਲ ਨੂੰ ਦਰਵੇਸ਼ ਸਿਆਸਤਦਾਨ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਦਾ ਸਿਰਕੱਢ ਨੇਤਾ ਆਖਦੇ ਹੋਏ ਮਲਿਕ ਨੇ ਕਿਹਾ ਕਿ ਪਾਣੀਆਂ ਦੀ ਵੰਡ ਦੇ ਮੁੱਦੇ 'ਤੇ ਵੀ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਜੰਮਪਲ ਅਤੇ ਪੱਕੇ ਪੰਜਾਬੀ ਹਨ।