ਪੀਰ ਮੁਛੱਲਾ ਇਮਾਰਤ ਡਿੱਗਣ ਦਾ ਮਾਮਲਾ ਸਿੱਧੂ ਨੇ ਜ਼ੀਰਕਪੁਰ ਥਾਣੇ 'ਚ ਬਿਲਡਰਾਂ ਵਿਰੁਧ ਕੇਸ ਦਰਜ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਐਸ.ਪੀ. ਨੂੰ ਇਹ ਇਮਾਰਤਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਵਿਰੁਧ ਕੇਸ ਦਰਜ ਕਰਨ ਲਈ ਕਿਹਾ

Navjot Singh Sidhu

ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਨਿਰਮਾਣ ਅਧੀਨ ਇਮਾਰਤ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਖ਼ੁਦ ਜ਼ੀਰਕਪੁਰ ਥਾਣੇ ਜਾ ਕੇ ਗ਼ੈਰਕਾਨੂੰਨੀ ਇਮਾਰਤ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰਾਂ ਵਿਰੁਧ ਕੇਸ ਦਰਜ ਕਰਵਾਇਆ। ਸਿੱਧੂ ਨੇ ਮੌਕੇ 'ਤੇ ਹਾਜ਼ਰ ਐਸ.ਐਸ.ਪੀ. ਕੁਲਦੀਪ ਚਾਹਲ ਨੂੰ ਇਮਾਰਤ ਸਬੰਧੀ ਸਾਰੇ ਕਾਗ਼ਜ਼ ਸੌਂਪੇ।ਸਿੱਧੂ ਨੇ ਕਿਹਾ ਕਿ ਵਿਭਾਗ ਦੇ ਰੀਕਾਰਡ ਮੁਤਾਬਕ ਜਿਹੜੀਆਂ ਛੇ ਇਮਾਰਤ (139 ਤੋਂ 144 ਨੰਬਰ) ਡਿੱਗੀਆਂ ਹਨ, ਉਨ੍ਹਾਂ ਵਿਚੋਂ ਪੰਜ ਦੇ ਲਾਈਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁੱਗ ਚੁੱਕੀ ਸੀ ਜਿਸ ਕਾਰਨ ਬਿਲਡਰਾਂ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ।

ਉਨ੍ਹਾਂ ਐਸ.ਐਸ.ਪੀ. ਨੂੰ ਇਹ ਇਮਾਰਤਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਵਿਰੁਧ ਕੇਸ ਦਰਜ ਕਰਨ ਲਈ ਕਿਹਾ। ਉਨ੍ਹਾਂ ਦਸਿਆ ਕਿ ਬਿਲਡਰ ਨੂੰ ਸੈਕਸਨਡ ਪਲਾਨ ਮੁਤਾਬਕ ਇਮਾਰਤ ਦਾ ਡਿਜ਼ਾਈਨ ਸਟਰਕਚਰਲ ਇੰਜੀਨੀਅਰ ਕੋਲ ਸਰਟੀਫ਼ਾਈ ਕਰਵਾਉਣਾ ਹੁੰਦਾ ਹੈ ਜੋ ਕੰਪਲੀਸ਼ਨ ਦੇ ਨਾਲ ਉਸ ਨੇ ਜਮ੍ਹਾਂ ਕਰਵਾਉਣਾ ਹੁੰਦਾ ਹੈ, ਜੋ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਿਲਡਰ ਵਲੋਂ ਫ਼ਲੈਟ ਵੀ ਬਿਨਾਂ ਪ੍ਰਵਾਨਗੀ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਪ੍ਰਵਾਨਗੀ ਸਿਰਫ਼ ਘਰਾਂ ਦੀ ਸੀ ਨਾ ਕਿ ਫ਼ਲੈਟਾਂ ਦੀ।