ਅਮਰੀਕੀ ਸਿੱਖ ਗਾਖਲ ਭਰਾਵਾਂ ਵਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 500 ਕੁਇੰਟਲ ਕਣਕ ਭੇਂਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅਮਰੀਕਾ ਨਿਵਾਸੀ ਗਾਖਲ ਭਰਾਵਾਂ ਵਲੋਂ 500 ਕੁਇੰਟਲ ਕਣਕ ਭੇਂਟ ਕੀਤੀ ਗਈ ਹੈ।
ਅੰਮ੍ਰਿਤਸਰ, 19 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅਮਰੀਕਾ ਨਿਵਾਸੀ ਗਾਖਲ ਭਰਾਵਾਂ ਵਲੋਂ 500 ਕੁਇੰਟਲ ਕਣਕ ਭੇਂਟ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਤਕ ਲੰਗਰ ਪਹੁੰਚਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਇਸ ਦੇ ਚੱਲਦਿਆਂ ਗੁਰੂ ਘਰ ਦੇ ਸ਼ਰਧਾਲੂਆਂ ਵਲੋਂ ਲੰਗਰ ਲਈ ਲਗਾਤਾਰ ਰਸਦਾਂ ਤੇ ਮਾਇਆ ਭੇਜੀ ਜਾ ਰਹੀ ਹੈ।
ਇਸੇ ਤਹਿਤ ਹੀ ਅਮਰੀਕਾ ਦੇ ਰਹਿਣ ਵਾਲੇ ਸ. ਅਮੋਲਕ ਸਿੰਘ ਗਾਖਲ, ਸ. ਪਲਵਿੰਦਰ ਸਿੰਘ ਗਾਖਲ ਤੇ ਸ. ਇਕਬਾਲ ਸਿੰਘ ਗਾਖਲ ਨੇ ਪੰਜ ਟਰੱਕਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਲਈ 500 ਕੁਇੰਟਲ ਕਣਕ ਭੇਜੀ ਹੈ। ਗਾਖਲ ਭਰਾਵਾਂ ਵਲੋਂ ਕਣਕ ਲੈ ਕੇ ਇਥੇ ਪਹੁੰਚੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੇ ਹੋਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ।
ਭਾਈ ਲੌਂਗੋਵਾਲ ਨੇ ਗਾਖਲ ਪਰਵਾਰ ਦਾ ਧੰਨਵਾਦ ਕਰਦਿਆਂ ਦੇਸ਼ ਦੁਨੀਆ ਦੀਆਂ ਸੰਗਤਾਂ ਨੂੰ ਅਪਣੀ ਸਮਰੱਥਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਕਣਕ ਸਮੇਤ ਹੋਰ ਰਸਦਾਂ ਤੇ ਮਾਇਆ ਭੇਜਣ ਦੀ ਅਪੀਲ ਕੀਤੀ। ਜਥੇਦਾਰ ਤੋਤਾ ਸਿੰਘ ਨੇ 50 ਹਜ਼ਾਰ, ਗਗਨਪ੍ਰੀਤ ਸਿੰਘ ਜਸਪਾਲ ਨਗਰ ਕੈਨੇੇਡਾ ਵਾਲੇਂ 51 ਹਜ਼ਾਰ ਅਤੇ ਮੀਰੀ ਪੀਰੀ ਢਾਡੀ ਸਭਾ ਦੇ ਜਥੇਦਾਰ ਗੁਰਮੇਜ ਸਿੰਘ ਸ਼ਹੂਰਾ ਨੇ ਸਭਾ ਵਲੋਂ 21 ਹਜ਼ਾਰ ਰੁਪਏ ਪੁੱਜੇ ਹਨ। ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਰਘਬੀਰ ਸਿੰਘ 21 ਹਜਾਰ, ਲਖਬੀਰ ਸੰਧੂ ਪੁੱਤਰਾਂ ਵਜੋ ਚੈਕ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਤੇ ਰਜਿੰਦਰ ਸਿੰਘ ਰੂਬੀ ਨੂੰ ਭੇਟ ਕੀਤੇ।