ਕਰਫ਼ੀਊ ਦੌਰਾਨ ਕਿਸੇ ਵੀ ਲੋੜਵੰਦ ਪਰਵਾਰ ਨੂੰ ਭੁੱਖਾ ਨਹੀਂ ਸੌਣ ਦਿਤਾ ਜਾਵੇਗਾ : ਅਰੁਨਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਕਰਫ਼ਿਊ ਦੌਰਾਨ ਰਾਜ ਵਿਚ ਕਿਸੇ ਵੀ ਲੋੜਵੰਦ ਪਰਵਾਰ

File Photo

ਚੰਡੀਗੜ੍ਹ, 19 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਕਰਫ਼ਿਊ ਦੌਰਾਨ ਰਾਜ ਵਿਚ ਕਿਸੇ ਵੀ ਲੋੜਵੰਦ ਪਰਵਾਰ ਨੂੰ ਭੁੱਖਾ ਨਹੀਂ ਸੌਣ ਦਿਤਾ ਜਾਵੇਗਾ, ਚਾਹੇ ਇਹ ਪਰਵਾਰ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਅਧੀਨ ਆਉਂਦੇ ਹੋਣ ਜਾਂ ਨਹੀਂ।

ਵਿਧਾਨ ਸਭਾ ਹਲਕਾ ਦੀਨਾਨਗਰ ਦੇ 3500 ਗ਼ੈਰ ਪੀ.ਡੀ.ਐਸ. ਪਰਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਉਣ ਮਗਰੋਂ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਲੋੜਵੰਦ ਪਰਵਾਰ ਜਾਂ ਪਰਵਾਸੀ ਮਜ਼ਦੂਰਾਂ ਨੂੰ ਕੋਈ ਦਿੱਕਤ ਨਾ ਆਉਣ ਦਿਤੀ ਜਾਵੇ, ਜਿਨ੍ਹਾਂ ਦੀ ਪਾਲਣਾ ਕਰਦਿਆਂ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਲਾਭਪਾਤਰੀਆਂ ਨੂੰ ਰਾਸ਼ਨ ਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਪਹਿਲਾਂ ਹੀ ਮੁਹਈਆ ਕਰ ਦਿਤਾ ਗਿਆ ਹੈ।

ਨੀਲੇ ਕਾਰਡਧਾਰਕਾਂ ਨੂੰ ਇਕ ਵਾਰ ਰਾਸ਼ਨ ਦੀ ਵੰਡ ਕਰ ਦੇਣ ਦੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦਸਿਆ ਕਿ ਆਉਂਦੇ ਦਿਨਾਂ ਵਿਚ ਇਨ੍ਹਾਂ ਕਾਰਡਧਾਰਕਾਂ ਨੂੰ ਦੂਜੀ ਵਾਰ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਸਨ, ਉਨ੍ਹਾਂ ਨੂੰ ਦਿੱਕਤ ਸੀ, ਜਿਸ ਨੂੰ ਦੂਰ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਅਪ੍ਰੈਲ ਸ਼ਾਮੀਂ ਛੇ ਵਜੇ ਅਪਣੇ ਫ਼ਰੰਟ ਲਾਈਨ (ਮੂਹਰਲੀਆਂ ਸਫ਼ਾਂ) ਵਰਕਰਾਂ ਲਈ ਅਰਦਾਸ ਕਰੀਏ। ਕੈਬਨਿਟ ਮੰਤਰੀ ਨੇ ਦਸਿਆ ਕਿ ਹੁਣ ਤਕ 6841 ਰਾਸ਼ਨ ਕਿੱਟਾਂ ਲੋੜਵੰਦ ਪਰਵਾਰਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿਚ ਕਣਕ ਦੇ ਖ਼ਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨੇ ਅੱਜ ਅਪਣੇ ਹਲਕੇ ਦੇ ਪੁਰਾਣਾ ਸ਼ਾਲਾ ਦੇ 973 ਤੇ ਦੀਨਾਨਗਰ ਦੇ 2537 ਗੈਰ ਪੀ.ਡੀ.ਐਸ. ਪਰਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ। ਇਸ ਤੋਂ ਇਲਾਵਾ ਉਨ੍ਹਾਂ ਸੈਨੀਟਾਈਜ਼ਰ ਦੀਆਂ 600 ਬੋਤਲਾਂ ਤੇ 2000 ਮਾਸਕ ਵੀ ਵੰਡੇ। ਇਸ ਮੌਕੇ ਉਨ੍ਹਾਂ ਗੁੱਜਰ ਬਰਾਦਰੀ ਦੇ 190 ਪਰਵਾਰਾਂ ਨੂੰ ਵੀ ਰਾਸ਼ਨ ਵੰਡਿਆ।