ਕੇਂਦਰੀ ਸਿੱਖ ਅਜਾਇਬਘਰ ’ਚ ਲਾਈ ਜਾਵੇਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਤਸਵੀਰ: ਭਾਈ ਲੌਂਗੋਵਾਲ
ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ਼੍ਰੋਮਣੀ ਗੁਰਦੁਆਰਾ
ਅੰਮ੍ਰਿਤਸਰ 19 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ) : ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਅੰਤਿਮ ਅਰਦਾਸ ਕੀਤੀ ਗਈ।
ਇਸ ਦੌਰਾਨ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ, ਜਦਕਿ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ। ਸੰਗਤ ਨੂੰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿ ਜਗਤਾਰ ਸਿੰਘ ਨੇ ਸਰਵਣ ਕਰਵਾਇਆ। ਸਮਾਗਮ ਸਮੇਂ ਭਾਈ ਨਿਰਮਲ ਸਿੰਘ ਦੇ ਸਪੁੱਤਰ ਸ. ਅਮਿਤੇਸ਼ਵਰ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ,
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰਾਂ ਵਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਨਿਰਮਲ ਸਿੰਘ ਖਾਲਸਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਐਲਾਨ ਕੀਤਾ। ਭਾਈ ਜੀਵਨ ਸਿੰਘ ਵਿਦਿਅਕ ਭਲਾਈ ਟਰੱਸਟ ਚੰਡੀਗੜ੍ਹ ਦੇ ਸੀਨੀਅਰ ਵਾਇਸ ਚੇਅਰਮੈਨ ਸੁਖਵਿੰਦਰ ਸਿੰਘ ਝਬਾਲ ਸਾਬਕਾ ਅੰਤ੍ਰਿਗ ਕਮੇਟੀ ਦੇ ਮੈਬਰ ਨੇ ਅਮਿਤੇਸ਼ਵਰ ਸਿੰਘ ਨੂੰ ਦਸਤਾਰ ਭੇਟ ਕੀਤੀ।
ਭਾਈ ਲੌਗੋਵਾਲ ਨੇ ਕਿਹਾ ਕਿ ਸਿੱਖ ਪੰਥ ਨੂੰ ਭਾਈ ਸਾਹਿਬ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਹਾਲਾਤ ਠੀਕ ਹੋਣ ’ਤੇ ਭਾਈ ਨਿਰਮਲ ਸਿੰਘ ਦੀ ਯਾਦਗਾਰ ਬਣਾਉਣ ਬਾਰੇ ਵੀ ਕਾਰਵਾਈ ਕਰਾਂਗੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਸਾਹਿਬ ਨੂੰ ਬਣਦਾ ਸਨਮਾਨ ਦੇਣ ਲਈ ਇਕੱਤਰਤਾ ਦੌਰਾਨ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੇਜੇ ਆਪਣੇ ਸ਼ੋਕ ਸੁਨੇਹੇ ਵਿਚ ਕਿਹਾ ਕਿ ਲੋਹੀਆਂ ਵਿਖੇ ਬਣ ਰਹੀ ਆਈਟੀਆਈ ਦਾ ਨਾਂ ਭਾਈ ਨਿਰਮਲ ਸਿੰਘ ਦੇ ਨਾਂ ’ਤੇ ਰਖਿਆ ਜਾਵੇਗਾ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਭੇਜੇ ਸ਼ੋਕ ਸੰਦੇਸ਼ ਵਿਚ ਭਾਈ ਸਾਹਿਬ ਪ੍ਰਤੀ ਸੰਵੇਦਨਾ ਪ੍ਰਗਟਾਈ ਤੇ ਉਨ੍ਹਾਂ ਦੀ ਲੰਮੀ ਕੀਰਤਨ ਸੇਵਾ ਨੂੰ ਯਾਦ ਕੀਤਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ, ਦਲ ਬਾਬਾ ਬਿਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਵੱਲੋਂ ਵੀ ਦਸਤਾਰਾਂ ਭੇਜੀਆਂ ਗਈਆਂ। ਸ਼੍ਰੋਮਣੀ ਰਾਗੀ ਸਭਾ, ਕਵੀਸ਼ਰ ਤੇ ਢਾਡੀ ਸਭਾ ਆਦਿ ਨੇ ਭਾਈ ਸਾਹਿਬ ਦੇ ਸਪੁੱਤਰ ਨੂੰ ਦਸਤਾਰਾਂ ਭੇਟ ਕੀਤੀਆਂ।