ਪੰਜਾਬ 'ਚ 10 ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ ਗਿਣਤੀ 244 ਤਕ ਪੁੱਜੀ, ਜ਼ਿਲ੍ਹਾ ਮੋਹਾਲੀ ਤੋਂ ਬਾਅਦ ਜਲੰਧਰ ਅਤੇ ਪਟਿਆਲਾ 'ਚ ਸੱਭ ਤੋਂ ਵੱਧ ਕੇਸ

file photo

ਚੰਡੀਗੜ੍ਹ, 19 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਦਾ ਕਹਿਰ ਖ਼ਤਮ ਹੁੰਦਾ ਵਿਖਾਈ ਨਹੀਂ ਦੇ ਰਿਹਾ ਅਤੇ ਹਰ ਰੋਜ਼ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਇਕ ਹੀ ਦਿਨ 'ਚ 10 ਹੋਰ ਨਵੇਂ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ 'ਚ 4 ਜ਼ਿਲ੍ਹਾ ਮੋਹਾਲੀ ਅਤੇ 6 ਜ਼ਿਲ੍ਹਾ ਜਲੰਧਰ ਦੇ ਹਨ। ਹੁਣ ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ 'ਚ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਵੱਧ ਰਿਹਾ ਹੈ।

ਪਟਿਆਲਾ, ਜੋ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ, 'ਚ ਬੀਤੇ ਦਿਨੀਂ ਇਕੋ ਦਿਨ 'ਚ 16 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ ਅਤੇ ਅੱਜ ਜਲੰਧਰ 'ਚ 6 ਪਾਜ਼ੇਟਿਵ ਕੇਸ ਅਤੇ ਮੋਹਾਲੀ 'ਚ 4 ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹੇ 'ਚ ਕੁਲ ਪਾਜ਼ੇਟਿਵ ਕੇਸ 61 ਹੋ ਗਏ ਹਨ ਅਤੇ ਇਸ ਤੋਂ ਬਾਅਦ ਜਲੰਧਰ 'ਚ 47 ਅਤੇ ਪਟਿਆਲਾ 'ਚ 26 ਪਾਜ਼ੇਟਿਵ ਕੇਸ ਆ ਚੁੱਕੇ ਹਨ।

ਪਠਾਨਕੋਟ ਜ਼ਿਲ੍ਹੇ 'ਚ 24 ਪਾਜ਼ੇਟਿਵ ਮਾਮਲੇ ਹਨ। ਇਸ ਤਰ੍ਹਾਂ ਰਾਜ ਵਿਚ ਹੁਣ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਅੱਜ ਸ਼ਾਮ ਤਕ 244 ਹੋ ਚੁਕੀ ਹੈ ਅਤੇ ਪੰਜਾਬ ਦੇ 19 ਜ਼ਿਲ੍ਹੇ ਕੋਰੋਨਾ ਪ੍ਰਭਾਵਤ ਹੋ ਚੁਕੇ ਹਨ। ਅੱਜ ਤਕ 37 ਕੋਰੋਨਾ ਪੀੜਤ ਠੀਕ ਵੀ ਹੋਏ ਹਨ। ਮੌਤਾਂ ਦੀ ਗਿਣਤੀ 16 ਹੈ।

ਜਲੰਧਰ 'ਚ ਕੋਰੋਨਾ ਪਾਜ਼ੀਟਿਵ ਦੇ 6 ਹੋਰ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 47
ਜਲੰਧਰ, 19 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ):  ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਤੇਜ਼ੀ ਨਾਲ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ।ਜਿਸ ਨਾਲ ਜਲੰਧਰ ਦੇ ਲੋਕ ਬੋਅਤ ਹੀ ਸਹਿਮੇ ਪਏ ਹਨ ?ਹਰ ਰੋਜ਼ ਕਰੋਨਾ ਪਾਜ਼ੀਟਿਵ ਮਰੀਜਾਂ ਦਾ ਵਾਧਾ ਕਿਸੇ ਵੱਡੀ ਮੁਸੀਬਤ ਨੂੰ ਦਰਸ਼ਾ ਰਿਹਾ ਹੈ, ਜੋ ਜਲੰਧਰ ਵਾਸੀਆਂ ਲਈ ਠੀਕ ਨਹੀਂ ਹੈ ?ਕਰੋਨਾ ਵਾਇਰਸ ਲਗਾਤਾਰ ਜਲੰਧਰ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ? ਜਿਵੇਂ ਕਿ ਅੱਜ ਸ਼ਹਿਰ ਵਿੱਚ 5 ਹੋਰ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।

ਹੁਣ ਤੱਕ ਸ਼ਹਿਰ ਵਿੱਚ ਕੋਰੋਨਾ ਦੇ 47 ਮਾਮਲੇ ਸਾਹਮਣੇ ਆਏ ਹਨ। ਅੱਜ ਸਾਹਮਣੇ ਆਏ ਮਰੀਜ਼ ਕਿਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹਨ। ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਮਾਮਲੇ ਵੀ ਪਾਜ਼ੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਹੀ ਹਨ। ਇਸ ਲਈ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸਮਝਾ ਰਿਹਾ ਹੈ ਕਿ ਸਾਰੇ  ਸਰਕਾਰ ਦੀਆਂ ਹਿਦਾਇਤਾਂ ਦਾ ਪਾਲਨ ਕਰੋ।

ਅੱਜ ਸਾਹਮਣੇ ਆਏ 5 ਮਰੀਜ਼ ਪਹਿਲਾਂ ਪਾਜ਼ੀਟਿਵ ਆਏ ਮਰੀਜ਼ ਜਸਬੀਰ ਸਿੰਘ ਦੇ ਸੰਪਰਕ ਵਿੱਚ  ਸਨ, ਜੋ ਕਿ ਉਸੇ ਨਾਲ ਜਲੰਧਰ ਦੇ ਇਕ ਵੱਡੇ ਪੰਜਾਬੀ ਅਖਬਾਰ ਵਿੱਚ ਕੰਮ ਕਰਦੇ ਸਨ ਅਤੇ 1 ਮਰੀਜ਼ ਬਸਤੀ ਦਾਨਿਸ਼ਮੰਦਾ ਦਾ ਸੀ। ਸਾਨੂੰ ਸਾਰਿਆਂ ਨੂੰ ਆਪਸ ਵਿੱਚ  ਡਿਸਟੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ।

ਪੰਜਾਬ 'ਚ ਕਰੋਨਾ ਪਾਜ਼ੇਟਿਵ 244 ਕੇਸਾਂ ਚੋਂ 50 ਫ਼ੀ ਸਦੀ ਤੋਂ ਵੱਧ ਸਿਰਫ਼ ਤਿੰਨ ਜ਼ਿਲ੍ਹਿਆਂ 'ਚ
ਚੰਡੀਗੜ੍ਹ, 19 ਅਪ੍ਰੈਲ (ਨੀਲ ਭਲਿੰਦਰ ਸਿੰਘ): ਕਰੋਨਾ ਵਾਇਰਸ ਰੋਗ-19 ਨੂੰ ਲੈ ਕੇ ਪੰਜਾਬ ਸੂਬੇ ਦੀ ਸਥਿਤੀ ਦੇ ਦੋ-ਤਿੰਨ ਉੱਘੜਵੇਂ ਪਹਿਲੂ ਹਨ। ਇਕ ਪਾਸੇ ਜਿਥੇ ਸ਼ੱਕ ਦੇ ਆਧਾਰ 'ਤੇ ਸਨਿਚਰਵਾਰ ਤਕ ਜਾਂਚੇ ਗਏ 6607 ਲੋਕਾਂ ਚੋਂ ਬਹੁਤ ਵੱਡੀ ਗਿਣਤੀ 5949 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਦੂਜੇ ਪਾਸੇ ਉਥੇ ਹੀ ਪਾਜ਼ੇਟਿਵ ਪਾਏ ਗਏ 244 ਮਰੀਜ਼ਾਂ ਚੋਂ 16 ਮੌਤਾਂ ਹੋ ਚੁਕੀਆਂ ਹੋਣ ਕਾਰਨ ਪੰਜਾਬ 'ਚ ਕੋਰੋਨਾ ਮੌਤ ਦਰ ਉਤਰ ਭਾਰਤੀ ਸੂਬਿਆਂ ਦੇ ਨਾਲ-ਨਾਲ ਕੌਮੀ ਅੰਕੜੇ ਤੋਂ ਵੀ ਲਗਭਗ ਦੁਗਣੀ ਚੱਲ ਰਹੀ ਹੈ।

ਉਂਝ 22 ਜ਼ਿਲ੍ਹਿਆਂ 'ਚ ਵੰਡੇ 50362 ਵਰਗ ਕਿਲੋਮੀਟਰ ਦੇ ਨਿੱਕੇ ਜਿਹੇ ਸੂਬੇ 'ਚ ਹੁਣ ਤਕ ਆਏ ਕੁਲ ਕਰੋਨਾ ਪਾਜ਼ੇਟਿਵ ਕੇਸਾਂ ਚੋਂ 50 ਫ਼ੀ ਸਦੀ ਤੋਂ ਵੱਧ 164 ਕੇਸ ਮਹਿਜ਼ ਤਿੰਨ ਜ਼ਿਲ੍ਹਿਆਂ - ਐਸ.ਏ.ਐਸ. ਨਗਰ 'ਚ 24.36 ਫ਼ੀ ਸਦੀ (61 ਕੇਸ, ਦੋ ਮੌਤਾਂ, ਅੱਜ ਚਾਰ ਨਵਿਆਂ ਸਣੇ), ਜਲੰਧਰ 17.52 ਫ਼ੀ ਸਦੀ (47 ਕੇਸ, ਦੋ ਮੌਤਾਂ, ਅੱਜ ਛੇ ਨਵਿਆਂ ਸਣੇ) ਅਤੇ ਪਟਿਆਲਾ 11.11 ਫ਼ੀ ਸਦੀ (26 ਕੇਸ) ਵਿਚੋਂ ਹੀ ਆਏ ਹਨ। ਪਠਾਨਕੋਟ ਜ਼ਿਲ੍ਹੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਹੀ ਕੇਸ ਆਉਣੇ ਸ਼ੁਰੂ ਹੋਏ ਪਰ ਇਹ ਜ਼ਿਲ੍ਹਾ ਪੰਜਾਬ ਦੇ 10.26 ਫ਼ੀ ਸਦੀ (24 ਕੇਸ, ਇਕ ਮੌਤ) ਨਾਲ ਚੌਥੇ ਨੰਬਰ 'ਤੇ ਆ ਗਿਆ ਹੈ।

ਪੰਜਾਬ ਵਿਚ ਸੱਭ ਤੋਂ ਪਹਿਲੇ ਕੇਸ ਵਾਲੇ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਜ਼ਿਲ੍ਹੇ ਦੀ ਤਸਵੀਰ ਉਲਟ ਚੁਕੀ ਹੈ। ਜ਼ਿਲ੍ਹੇ ਵਿਚ ਕੇਸ ਤਾਂ ਹੁਣ ਵੀ ਸੂਬੇ ਦਾ 8.12 ਫ਼ੀ ਸਦੀ (19 ਕੇਸ, ਇਕ ਮੌਤ) ਹਨ ਪਰ ਇਥੇ ਸੱਭ ਤੋਂ ਵੱਧ 16 ਮਰੀਜ਼ ਰਾਜ਼ੀ ਵੀ ਚੁਕੇ ਹਨ। ਸੂਬੇ ਦੇ ਤਿੰਨ ਜ਼ਿਲ੍ਹੇ ਬਠਿੰਡਾ, ਤਰਨਤਾਰਨ ਅਤੇ ਫ਼ਾਜ਼ਿਲਕਾ ਵਿਚ ਹੁਣ ਤਕ ਕਿਸੇ ਵੀ ਕੋਰੋਨਾ ਪਾਜ਼ੇਟਿਵ ਕੇਸ ਤੋਂ ਬਚਾਅ ਹੈ। ਭਾਵੇਂ 20 ਅਪ੍ਰੈਲ ਤੋਂ ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਜਿਹੇ ਸਿਫ਼ਰ ਕੇਸ ਵਾਲੇ ਦੇਸ਼ ਦੇ 354 ਸੰਕਰਮਣ ਮੁਕਤ ਜ਼ਿਲ੍ਹਿਆਂ 'ਚ ਰਾਹਤ ਦਿੰਦੇ ਹੋਏ ਕਈ ਸੇਵਾਵਾਂ 'ਚ ਰਿਆਇਤ ਦਿਤੀ ਜਾਵੇਗੀ

ਪਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਕੋਰੋਨਾ ਕਰੋਪੀ ਹੇਠ ਹੋਣ ਕਰ ਕੇ ਸਨਿਚਰਵਾਰ ਦੇਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਦੀ ਕੋਵਿਡ ਮੁਕਤ ਖ਼ਰੀਦ ਨੂੰ ਯਕੀਨੀ ਬਣਾਉਣ ਤੋਂ ਸਿਵਾਏ ਸੂਬੇ ਵਿਚ 3 ਮਈ ਤਕ ਕਿਸੇ ਕਿਸਮ ਦੀ ਢਿੱਲ ਦੇਣ ਨੂੰ ਰੱਦ ਕਰ ਦਿਤਾ ਹੈ। 3 ਮਈ ਨੂੰ ਸਥਿਤੀ ਦਾ ਇਕ ਵਾਰ ਫਿਰ ਜਾਇਜ਼ਾ ਲਿਆ ਜਾਵੇਗਾ।