ਫਲਾਈ ਅੰਮ੍ਰਿਤਸਰ ਵਲੋਂ ਵਿਸ਼ੇਸ਼ ਉਡਾਣਾਂ ਰਾਹੀਂ ਸਥਾਈ ਵਸਨੀਕਾਂ ਨੂੰ ਵੀ ਲੈ ਕੇ ਜਾਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਅਭਿਆਨ) ਨੇ ਇੱਕ ਪੱਤਰ ਲਿੱਖ ਕੇ ਕੈਨੇਡਾ ਸਰਕਾਰ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਫ੍ਰਾਂਸੋਸ-ਫਿਲਿਪ ਛੈਂਪੇਨ ਦਾ ਪੰਜਾਬ

File Photo

ਚੰਡੀਗੜ੍ਹ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਅਭਿਆਨ) ਨੇ ਇੱਕ ਪੱਤਰ ਲਿੱਖ ਕੇ ਕੈਨੇਡਾ ਸਰਕਾਰ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਫ੍ਰਾਂਸੋਸ-ਫਿਲਿਪ ਛੈਂਪੇਨ ਦਾ ਪੰਜਾਬ ਵਿਚ ਫਸੇ ਕੈਨੇਡੀਅਨ ਨਾਗਰਿਕਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਸ਼ੇਸ਼ ਚਾਰਟਰ ਉਡਾਣਾਂ ਰਾਹੀਂ ਵਾਪਸ ਲੈ ਕੇ ਜਾਣ ਲਈ ਧੰਨਵਾਦ ਕੀਤਾ ਹੈ ਅਤੇ ਮੰਗ ਕੀਤੀ ਕਿ ਉਹ ਹਾਲੇ ਵੀ ਪੰਜਾਬ ਵਿੱਚ ਫਸੇ ਹੋਏ ਹਜਾਰਾਂ ਨਾਗਰਿਕ ਤੇ ਸਥਾਈ ਵਸਨੀਕਾਂ (ਪੀਆਰ) ਲਈ ਜਲਦ ਵਧੇਰੇ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਕਰਨ।

ਫਲਾਈ ਅੰਮ੍ਰਿਤਸਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਹਵਾਬਾਜ਼ੀ ਨਾਲ ਜੁੜੇ ਮੁੱਦਿਆਂ 'ਤੇ ਕੰਮ ਕਰ ਰਿਹਾ ਹੈ ਜਿਸ ਵਿਚ ਅੰਮ੍ਰਿਤਸਰ ਨੂੰ ਕੈਨੇਡਾ ਨਾਲ ਸਿੱਧੇ ਜਾਂ ਸੁਖਾਲੇ ਹਵਾਈ ਸੰਪਰਕ ਰਾਹੀਂ ਜੋੜਣਾ ਵੀ ਸ਼ਾਮਲ ਹੈ। ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿਚ ਅਭਿਆਨ ਦੇ ਉੱਤਰੀ ਅਮਰੀਕਾ ਇਲਾਕੇ ਦੀ ਨੁਮਾਇੰਦਗੀ ਕਰਦੇ ਕਨਵੀਨਰ ਸ. ਅਨੰਤਦੀਪ ਸਿੰਘ ਢਿਲੋਂ, ਅਤੇ ਅੰਮ੍ਰਿਤਸਰ ਵਿਕਾਸ ਮੰਚ (ਐਨ.ਜੀ.ਓ.) ਦੇ ਵਿਦੇਸ਼ੀ ਮਾਮਲਿਆਂ ਬਾਰੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਫਸੇ ਸੈਂਕੜੇ ਕੈਨੇਡੀਅਨ ਨਾਗਰਿਕ ਹੁਣ ਤੱਕ ਸਰਕਾਰ ਵਲੋਂ ਵਿਸ਼ੇਸ਼ ਉਡਾਣਾਂ ਰਾਂਹੀਂ ਅੰਮ੍ਰਿਤਸਰ ਤੋਂ ਦਿੱਲੀ ਅਤੇ ਲੰਡਨ ਹੁੰਦੇ ਹੋਏ ਆਪਣੇ ਪਰਿਵਾਰਾਂ ਕੋਲ ਪਹੁੰਚ ਗਏ ਹਨ। ਹਾਲੇ ਵੀ ਕੈਨੇਡਾ ਤੋਂ ਆਏ ਹਜਾਰਾਂ ਪੰਜਾਬੀ ਹੋਰ ਵਿਸ਼ੇਸ਼ ਉਡਾਣਾਂ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ।

ਢਿਲੋਂ ਨੇ ਦੱਸਿਆ ਕਿ ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨ ਅਤੇ ਚੰਡੀਗੜ੍ਹ ਵਿਚਲੇ ਕੋਸਲੇਂਟ ਜਨਰਲ ਅਨੁਸਾਰ, ਮੌਜੂਦਾ ਅਤੇ ਭਵਿੱਖ ਵਿਚ ਅੰਮ੍ਰਿਤਸਰ ਤੋਂ ਚਲਾਈਆਂ ਜਾਣ ਵਾਲੀਆਂ ਉਡਾਣਾਂ ਸਿਰਫ ਕੈਨੇਡੀਅਨ ਪਾਸਪੋਰਟ ਅਤੇ ਪੀਆਰ ਵਾਲੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਲਈ ਹੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਸਥਿਤੀ ਕਾਰਨ, ਹਜ਼ਾਰਾਂ ਪੀਆਰ ਵਾਲੇ ਕੈਨੇਡਾ ਦੇ ਸਥਾਈ ਵਸਨੀਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਆਪ ਨੂੰ ਸਰਕਾਰ ਦੁਆਰਾ ਤਿਆਗਿਆ ਹੋਇਆ, ਅਨਾਥ ਮਹਿਸੂਸ ਕਰ ਰਹੇ ਹਨ।

ਭਾਰਤ ਵਿਚ ਫਸੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਕੈਨੇਡੀਅਨ ਸਰਕਾਰ ਵੱਲੋਂ ਨਾਗਰਿਕਤਾ ਦੀ ਸ਼੍ਰੇਣੀ ਵਿਚ ਆਉਣ ਵਾਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਹੋਰ ਉਡਾਣਾਂ ਜਲਦ ਤੋਂ ਜਲਦ ਚਲਾਈਆਂ ਜਾਣ ਅਤੇ ਇਨ੍ਹਾਂ ਵਿਚ ਪੀਆਰ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ, ਖਾਸਕਰ ਉਨ੍ਹਾਂ ਲੋਕਾਂ ਵੱਲ਼ ਧਿਆਨ ਦੇਣ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਇਸ ਸਮੇਂ ਡਾਕਟਰੀ ਇਲਾਜ, ਦਵਾਈਆਂ ਜਾਂ ਹੋਰ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਵੱਡੀ ਗਿਣਤੀ ਵਿਚ ਕੈਨੇਡਾ ਦੇ ਸਥਾਈ ਨਿਵਾਸੀਆਂ ਨੇ ਪੰਜਾਬ ਵਿਚ ਆਪਣੀਆਂ ਸਾਰੀਆਂ ਜਾਇਦਾਦਾਂ ਵੇਚ-ਵੱਟ ਕੇ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਇਆ ਹੈ।

ਉਹ ਕੈਨੇਡੀਅਨ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਅਤੇ ਨਾਗਰਿਕਾਂ ਦੇ ਬਰਾਬਰ ਟੈਕਸ ਅਦਾ ਕਰਦੇ ਹਨ। ਉੱਧਰ ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਸ. ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ 23 ਮਾਰਚ 2020 ਤੋਂ ਉਡਾਣਾਂ ਰੱਦ ਹੋਣ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਪੂਰੀ ਦੁਨੀਆ ਤੋਂ ਹਜ਼ਾਰਾਂ ਸੰਦੇਸ਼ ਮਿਲ ਰਹੇ ਹਨ, ਜਿਨ੍ਹਾਂ ਵਿਚ ਕੈਨੇਡੀਅਨ ਵੀ ਸ਼ਾਮਲ ਹਨ। ਉਹ ਸਭ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਸਹਾਇਤਾ ਕਰਨ ਲਈ ਦੁਹਾਈ ਪਾ ਰਹੇ ਹਨ।

ਜ਼ਿਕਰਯੋਗ ਹੈ ਕਿ ਉਨ੍ਹਾਂ ਵਿਚੋਂ ਭਾਰਤ ਵਿਚ ਫਸੇ ਇੱਕ ਮਾਂ ਵੀ ਸ਼ਾਮਲ ਹੈ ਜਿਸ ਦੇ ਬੱਚੇ ਕੋਲ ਕੈਨੇਡਾ ਦੀ ਪੀਆਰ ਹੈ ਅਤੇ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਨਾਲ ਪੰਜਾਬ ਆਇਆ ਸੀ। ਬਾਅਦ ਵਿਚ ਉਸਦੇ ਮਾਤਾ ਪਿਤਾ ਉਡਾਣਾਂ ਰੱਦ ਹੋਣ ਕਾਰਨ ਪੰਜਾਬ ਨਹੀਂ ਆ ਸਕੇ ਅਤੇ ਹੁਣ ਉਹ ਆਪਣੇ ਮਾਪਿਆਂ ਤੋਂ ਦੂਰ ਬੈਠਾ ਉਦਾਸ ਅਤੇ ਬਿਮਾਰਾਂ ਵਾਂਗ ਹੋ ਗਿਆ ਹੈ।

ਅਜਿਹੇ ਬਹੁਤ ਸਾਰੇ ਹੋਰ ਵੀ ਕੇਸ ਹਨ, ਜਿਨ੍ਹਾਂ ਵਿਚ ਬੱਚੇ ਗੰਭੀਰ ਐਲਰਜੀ ਅਤੇ ਹੋਰ ਸਿਹਤ ਸੰਬੰਧੀ ਸਥਿਤੀਆਂ ਤੋਂ ਪੀੜਤ ਹਨ। ਗੁਮਟਾਲਾ ਨੇ ਕੈਨੇਡਾ ਅਤੇ ਭਾਰਤ ਸਰਕਾਰ ਵੱਲੌ ਚੁਣੌਤੀਪੂਰਨ ਸਥਿਤੀਆਂ ਵਿਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਨੇਡਾ ਦੇ ਉਹਨਾਂ ਹਜ਼ਾਰਾਂ ਪੀਆਰ ਵਸਨੀਕਾਂ ਨੂੰ ਸਰਕਾਰ ਵਲੋਂ ਠੁਕਰਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਸਰਕਾਰ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਇਸ ਸੰਕਟਕਾਲੀਨ ਸਥਿਤੀ ਵਿਚ ਫਸੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਵਾਪਸ ਲਿਆਉਣ ਵੱਲ ਵੀ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਭਾਰਤੀ ਨੁਮਾਇੰਦਿਆਂ ਦੇ ਨਾਲ-ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਜੱਸਟਿਨ ਟਰੂਡੋ ਅਤੇ ਮੰਤਰੀ ਛੈਂਪੇਨ ਦੁਆਰਾ ਦਿਖਾਈ ਗਈ ਯੋਗ ਅਗਵਾਈ ਲਈ ਧੰਨਵਾਦ ਕੀਤਾ।