ਗਿਆਨ ਸਾਗਰ ’ਚ ਦਾਖ਼ਲ ਦੋ ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ
ਗਿਆਨ ਸਾਗਰ ਹਸਪਤਾਲ ਵਿਚ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦਾਖ਼ਲ ਦੋ ਹੋਰ ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ ਤੇ ਹਸਪਤਾਲ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ
ਬਨੂੜ, 19 ਅਪ੍ਰੈਲ (ਅਵਤਾਰ ਸਿੰਘ): ਗਿਆਨ ਸਾਗਰ ਹਸਪਤਾਲ ਵਿਚ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦਾਖ਼ਲ ਦੋ ਹੋਰ ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ ਤੇ ਹਸਪਤਾਲ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਘਰ ਛਡਿਆ ਗਿਆ। ਮਰੀਜ਼ਾਂ ਨੇ ਡਾਕਟਰਾਂ ਦਾ ਕੋਟਿ-ਕੋਟਿ ਧਨਵਾਦ ਕੀਤਾ।
ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐਸਐਮਐਸ ਗੁਰਾਇਆ ਨੇ ਦਸਿਆ ਕਿ ਮੁਹਾਲੀ ਦੇ ਗੁਲਜ਼ਾਰ ਮੁਹੰਮਦ ਅਤੇ ਅਮਰਜੀਤ ਕੌਰ ਨਾਮੀ ਮਰੀਜ਼ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਇਥੇ ਇਲਾਜ ਅਧੀਨ ਸਨ। ਦੋਹਾਂ ਦੀਆਂ ਦੋ ਵਾਰ ਰੀਪੋਰਟਾਂ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਅੱਜ ਛੁੱਟੀ ਕਰ ਦਿਤੀ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਵੀ ਮੁਹਾਲੀ ਦੀ ਇਕ ਔਰਤ ਦਾ ਸਫ਼ਲ ਇਲਾਜ ਕਰ ਕੇ ਉਸ ਨੂੰ ਛੁੱਟੀ ਦਿਤੀ ਗਈ ਸੀ।
ਉਨ੍ਹਾਂ ਦਸਿਆ ਕਿ ਇਨ੍ਹਾਂ ਪੀੜਤਾਂ ਦਾ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਮ ਸਿੰਘ ਦੀ ਨਿਗਰਾਨੀ ਹੇਠ ਇਲਾਜ ਕੀਤਾ ਗਿਆ। ਉਨ੍ਹਾਂ ਦਸਿਆ ਕਿ ਠੀਕ ਹੋ ਕੇ ਗਏ ਦੋਵੇਂ ਕੋਰੋਨਾ ਪੀੜਤ ਅਗਲੇ 14 ਦਿਨ ਘਰ ਇਕਾਂਤਵਾਸ ਵਿਚ ਰਹਿਣਗੇ। ਇਸ ਮਗਰੋਂ ਉਨ੍ਹਾਂ ਨੂੰ ਸਿਹਤ ਦੀ ਜਾਂਚ ਲਈ ਦੁਬਾਰਾ ਗਿਆਨ ਸਾਗਰ ਬੁਲਾਇਆ ਗਿਆ ਹੈ ਤੇ ਇਸ ਤੋਂ ਬਾਅਦ ਉਹ ਆਮ ਵਾਂਗ ਅਪਣਾ ਕੰਮ ਕਰ ਸਕਣਗੇ।
ਉਨ੍ਹਾਂ ਦਸਿਆ ਕਿ ਦੋਹਾਂ ਮਰੀਜ਼ਾਂ ਨੇ ਛੁੱਟੀ ਸਮੇਂ ਗਿਆਨ ਸਾਗਰ ਦੇ ਡਾਕਟਰਾਂ, ਨਰਸਾਂ, ਸਫ਼ਾਈ ਅਤੇ ਸਕਿਉਰਿਟੀ ਕਾਮਿਆਂ ਦੀ ਸ਼ਲਾਘਾ ਕਰਦੇ ਹੋਏ ਧਨਵਾਦ ਕੀਤਾ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਅੱਜ ਨਵਾਂਗਾਉਂ ਦੇ ਦੋ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦਾਖ਼ਲ ਹੋਏ ਹਨ ਤੇ ਮਰੀਜ਼ਾਂ ਦੀ ਗਿਣਤੀ ਫਿਰ 51 ਹੋ ਗਈ ਹੈ।