ਐਮ.ਐਲ.ਏ. ਜਲਾਲਪੁਰ ਨੇ ਲਿਆਂਦੀ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ
ਘਨੌਰ ਦੀਆਂ ਅਨਾਜ ਮੰਡੀਆਂ ’ਚ ਪਨਗ੍ਰੇਨ, ਵੇਅਰਹਾਊਸ ਤੇ ਮਾਰਕਫ਼ੈੱਡ ਦੀ ਖ਼ਰੀਦ ਨੂੰ ਦਿਵਾਈ ਝੰਡੀ
ਪਟਿਆਲਾ, 19 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਘਨੌਰ ਇਲਾਕੇ ਦੀਆਂ ਅਨਾਜ ਮੰਡੀਆਂ ਵਿਚ ਐਫ਼.ਸੀ.ਆਈ. ਦੀ ਖ਼ਰੀਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਐਮ.ਐਲ.ਏ. ਮਦਨ ਲਾਲ ਜਲਾਲਪੁਰ ਵਲੋਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣ ’ਤੇ ਪੰਜਾਬ ਸਰਕਾਰ ਨੇ ਉਕਤ ਅਨਾਜ ਮੰਡੀਆਂ ਵਿਚ ਹੋਰਨਾਂ ਏਜੰਸੀਆਂ ਨੂੰ ਵੀ ਖ਼ਰੀਦ ਕਰਨ ਲਈ ਹਰੀ ਝੰਡੀ ਦੇ ਦਿਤੀ ਹੈ। ਇਸ ਨੂੰ ਲੈ ਕੇ ਹਲਕਾ ਘਨੌਰ ਦੇ ਸਮੁੱਚੇ ਕਿਸਾਨਾਂ ਵਿਚ ਖ਼ੁਸ਼ੀ ਦੀ ਲਹਿਰ ਹੈ।
ਵਿਧਾਇਕ ਜਲਾਲਪੁਰ ਵਲੋਂ ਅੱਜ ਅਨਾਜ ਮੰਡੀ ਅਜਰੌਰ ਵਿਖੇ ਐਫ਼.ਸੀ.ਆਈ. ਦੇ ਨਾਲ ਮਾਰਕਫ਼ੈੱਡ ਦੀ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਮਾਰਕੀਟ ਕਮੇਟੀ ਘਨੌਰ ਅਧੀਨ ਪੈਂਦੀਆਂ ਅਨਾਜ ਮੰਡੀਆਂ ਵਿਚ ਐਫ਼.ਸੀ.ਆਈ. ਦੇ ਨਾਲ ਹੋਰਨਾਂ ਖ਼ਰੀਦ ਏਜੰਸੀਆਂ ਨੂੰ ਖ਼ਰੀਦ ਕਰਨ ਦੀ ਪ੍ਰਵਾਨਗੀ ਮਿਲਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣ ’ਤੇ ਲੰਘੇ ਕਲ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਵਲੋਂ ਵੀ ਮੰਡੀਆਂ ਦਾ ਦੌਰਾ ਕੀਤਾ ਗਿਆ
ਤੇ ਉਨ੍ਹਾਂ ਵਲੋਂ ਵੀ ਹੋਏ ਖ਼ਰਾਬੇ ਸਬੰਧੀ ਤੁਰੰਤ ਰੀਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਗਈ। ਇਸ ਤਹਿਤ ਅੱਜ ਅਨਾਜ ਮੰਡੀ ਸੀਲ ਵਿਖੇ ਪਨਗ੍ਰੇਨ, ਜੰਡਮੰਗੌਲੀ ਵਿਖੇ ਵੇਅਰਹਾਊਸ, ਕਪੂਰੀ ਵਿਖੇ ਵੇਅਰਹਾਊਸ, ਅਜਰੌਰ ਵਿਖੇ ਮਾਰਕਫੈੱਡ ਅਤੇ ਘਨੌਰ ਵਿਖੇ ਪਨਗ੍ਰੇਨ ਤੇ ਮਾਰਕਫ਼ੈੱਡ ਦੀ ਖ਼ਰੀਦ ਸ਼ੁਰੂ ਕਰਵਾ ਦਿਤੀ ਹੈ। ਇਸ ਦੌਰਾਨ ਵਿਧਾਇਕ ਜਲਾਲਪੁਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖ਼ਰੀਦ ਸ਼ੁਰੂ ਕਰਵਾਉਣ ਲਈ ਧਨਵਾਦ ਕੀਤਾ।
ਜਲਾਲਪੁਰ ਨੇ ਕਿਹਾ ਕਿ ਹਲਕੇ ਦੇ ਕਿਸੇ ਵੀ ਕਿਸਾਨ ਨੰੁੂ ਅਪਣੀ ਫਸਲ ਵੇਚਣ ਤੋਂ ਅਦਾਇਗੀ ਤਕ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ। ਮੰਡੀ ਵਿਚ ਮੌਜੂਦ ਵੱਡੀ ਗਿਣਤੀ ਕਿਸਾਨਾਂ ਵਲੋਂ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਧਨਵਾਦ ਕੀਤਾ ਗਿਆ। ਇਸ ਮੌਕੇ ਨੰਬਰਦਾਰ ਜਸਪਾਲ ਸਿੰਘ, ਬਾਜ ਸਿੰਘ, ਰੇਸ਼ਮ, ਨਰੇਸ਼ ਕੁਮਾਰ ਸੂਦ, ਰਿੰਕੂ, ਜਿੰਦੂ, ਮਹਿੰਦਰ ਸਿੰਘ, ਇੰਸਪੈਕਟਰ ਸੰਤੋਖ ਸਿੰਘ ਮਾਰਕਫ਼ੈੱਡ ਸਮੇਤ ਹੋਰ ਵੀ ਹਾਜ਼ਰ ਸਨ।