435 ਸ਼ਰਾਬ ਦੀਆਂ ਪੇਟੀਆਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੂਪਨਗਰ ਦੇ ਨਾਲ ਲਗਦੇ ਪਿੰਡ ਪੁਰਖਾਲੀ ਕੋਲ ਇਕ ਸ਼ਰਾਬ ਵਾਲੀ ਫ਼ੈਕਟਰੀ ਦੇ ਕੁਆਰਟਰਾਂ ’ਚ ਸ਼ਨਿੱਚਰਵਾਰ ਦੇਰ ਰਾਤ ਆਬਕਾਰੀ ਵਿਭਾਗ ਤੇ ਪੁਲਿਸ ਨੇ

File Photo

ਰੂਪਨਗਰ, 19 ਅਪ੍ਰੈਲ (ਪਪ) : ਰੂਪਨਗਰ ਦੇ ਨਾਲ ਲਗਦੇ ਪਿੰਡ ਪੁਰਖਾਲੀ ਕੋਲ ਇਕ ਸ਼ਰਾਬ ਵਾਲੀ ਫ਼ੈਕਟਰੀ ਦੇ ਕੁਆਰਟਰਾਂ ’ਚ ਸ਼ਨਿੱਚਰਵਾਰ ਦੇਰ ਰਾਤ ਆਬਕਾਰੀ ਵਿਭਾਗ ਤੇ ਪੁਲਿਸ ਨੇ ਸਾਂਝੇ ਰੂਪ ਵਿਚ ਛਾਪਾ ਮਾਰਦਿਆਂ ਉਥੇ ਰੱਖੀਆਂ ਸ਼ਰਾਬ ਦੀਆਂ 435 ਪੇਟੀਆਂ ਬਰਾਮਦ ਕੀਤੀਆਂ ਹਨ। ਏਈਟੀਸੀ ਸੁਖਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁਰਖਾਲੀ ਕੋਲ ਇਕ ਸ਼ਰਾਬ ਦੀ ਫ਼ੈਕਟਰੀ ਦੇ ਮਜ਼ਦੂਰਾਂ ਦੇ ਕੁਆਰਟਰਾਂ ਵਿਚ ਸ਼ਰਾਬ ਦੀਆਂ ਵੱਡੀ ਮਾਤਰਾ ਵਿਚ ਪੇਟੀਆਂ ਛੁਪਾ ਕੇ ਰੱਖੀ ਹੋਈਆਂ ਹਨ ਜਿਨਾਂ ਨੂੰ ਕਰਫ਼ਿਊ ਦੌਰਾਨ ਜ਼ਿਆਦਾ ਕੀਮਤ ’ਤੇ ਵੇਚਿਆ ਜਾ ਰਿਹਾ ਹੈ।

ਉਨ੍ਹਾਂ ਦਸਿਆ ਕਿ ਸੂਚਨਾ ਮਿਲਣ ਦੇ ਬਾਅਦ ਸ਼ਨਿੱਚਰਵਾਰ ਦੀ ਦੇਰ ਰਾਤ ਆਬਕਾਰੀ ਵਿਭਾਗ ਦੀ ਟੀਮ ਅਤੇ ਪੁਲਿਸ ਦੀ ਟੀਮ ਨੇ ਸੰਯੁਕਤ ਰੂਪ ਵਿਚ ਛਾਪਾ ਮਾਰਿਆ ਅਤੇ ਮਜ਼ਦੂਰਾਂ ਦੇ ਕੁਆਰਟਰਾਂ ਵਿਚ ਏ-ਓਕੇ ਕਮਰੇ ’ਚੋਂ 435 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦਸਿਆ ਕਿ ਮੌਕੇ ’ਤੇ ਕੋਈ ਵਿਅਕਤੀ ਨਹੀਂ ਮਿਲਿਆ ਜਦਕਿ ਬਰਾਮਦ ਕੀਤੀ ਗਈ ਸ਼ਰਾਬ ’ਤੇ ਰਾਇਲ ਨਾਇਟ ਨਿਸ਼ਾਨ ਲਿਖਿਆ ਹੋਇਆ ਹੈ ਪਰ ਬਣਾਉਣ ਵਾਲੀ ਕਿਸੇ ਕੰਪਨੀ ਦਾ ਨਾਮ ਨਹੀਂ ਹੈ। ਉਨ੍ਹਾਂ ਦਸਿਆ ਕਿ ਸਾਰੀ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁਧ ਆਬਕਾਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।