ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰਾਹਤ, ਸੇਵਾਵਾਂ ’ਚ ਹੋਇਆ ਇਕ ਸਾਲ ਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਾਲ ਸਮਾਪਤ ਹੋ ਰਹੀਆਂ ਸੀ ਸੇਵਾਵਾ, ਹੁਣ ਇਕ ਸਾਲ ਲਈ ਹੋਰ ਕੰਮ ਕਰ ਸਕਣਗੇ ਮੁਲਾਜ਼ਮ

Capt Amrinder Singh

ਚੰਡੀਗੜ੍ਹ : ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਇਕ ਸਾਲ ਲਈ ਹੋਰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਕੂਲ ਸਿੱਖਿਆ ਵਿਭਾਗ ਬੁਲਾਰੇ ਮੁਤਾਬਕ ਸਾਲ 2020-21 ਦੌਰਾਨ ਭਰੀਆਂ ਗਈਆਂ ਕੱਚੀਆਂ ਅਸਾਮੀਆਂ ਨੂੰ ਸਾਲ 2021-22 ਦੌਰਾਨ ਵੀ ਜਾਰੀ ਰੱਖਣ ਲਈ ਵਿਭਾਗ ਨੇ ਸਹਿਮਤੀ ਦੇ ਦਿੱਤੀ ਹੈ। ਵਿਭਾਗ ਨੇ ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕਰ ਦਿਤਾ ਹੈ।

ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਦਾ ਕਾਰਜਕਾਲ ਇਸ ਸਾਲ ਖ਼ਤਮ ਹੋ ਰਿਹਾ ਸੀ। ਕਾਬਲੇਗੌਰ ਹੈ ਕਿ ਪਿਛਲੇ ਸਾਲ ਤੋਂ ਜਾਰੀ ਕਰੋਨਾ ਲਹਿਰ ਕਾਰਨ ਵਿਸ਼ਵ ਭਰ ਅੰਦਰ ਮੰਦੀ ਦਾ ਦੌਰ ਜਾਰੀ ਹੈ। ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਹਨ।

ਹੁਣ ਕੋਰੋਨਾ ਦੇ ਮੁੜ ਜ਼ੋਰ ਫੜਣ ਬਾਅਦ ਬੇਰੁਜ਼ਗਾਰੀ ਦਾ ਪ੍ਰਕੋਪ ਹੋਰ ਵਧਣ ਦੇ ਆਸਾਰ ਹਨ। ਅਜਿਹੇ ਵਿਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਇਕ ਸਾਲ ਲਈ ਹੋਰ ਵਧਾਉਣ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲਣ ਦੇ ਆਸਾਰ ਹਨ।