ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਤੇ ਟਕਸਾਲੀ ਖ਼ਤਮ, ਨਵਾਂ ਦਲ ਹੋਵੇਗਾ ਤਿਆਰ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਤੇ ਟਕਸਾਲੀ ਖ਼ਤਮ, ਨਵਾਂ ਦਲ ਹੋਵੇਗਾ ਤਿਆਰ

image


ਚੰਡੀਗੜ੍ਹ, 19 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਪੰਜਾਬ ਦੀ ਸਿਆਸਤ ਅਤੇ ਪੰਥਕ ਰਾਜਨੀਤੀ ਵਿਚ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪੋ-ਅਪਣੇ ਦਲ ਖ਼ਤਮ ਕਰ ਕੇ ਇਕ ਨਵੇਂ ਨਾਂਅ ਤਹਿਤ ਅਗਲੇ 10 ਦਿਨਾਂ 'ਚ ਦੋਵੇਂ ਦਲਾਂ ਦਾ ਇਕ ਦਲ ਬਣਾਉਣ ਦਾ ਐਲਾਨ ਕਰ ਦਿਤਾ ਹੈ | ਦੋਵੇਂ ਆਗੂਆਂ ਨੇ ਐਲਾਨ ਕੀਤਾ ਕਿ ਨਵਾਂ ਦਲ ਪੰਜਾਬ 'ਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਤੋਂ ਇਲਾਵਾ ਚੌਥੇ ਫ਼ਰੰਟ ਦੇ ਤੌਰ 'ਤੇ ਤਾਂ ਨਿਤਰੇਗਾ ਹੀ, ਸਗੋਂ ਮੁੱਖ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨਾ ਇਸ ਦਾ ਮੁੱਖ ਟੀਚਾ ਰਹੇਗਾ | 
ਰਾਜਸੀ ਤੌਰ 'ਤੇ ਇਹ ਦਲ ਹਮਖਿਆਲੀ ਦਲਾਂ ਨਾਲ ਗੱਲਬਾਤ ਕਰੇਗਾ ਅਤੇ ਅਜਿਹੇ ਦਲਾਂ ਅਤੇ ਆਗੂਆਂ ਨੂੰ  ਨਵੀਂ ਪਾਰਟੀ ਨਾਲ ਜੋੜਨ ਦੇ ਯਤਨ ਕਰੇਗਾ | 
ਇਸ ਮੌਕੇ ਸ. ਢੀਂਡਸਾ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ  ਅਜੇ ਤਕ ਸਜ਼ਾ ਨਹੀਂ ਮਿਲ ਸਕੀ ਹੈ | ਇਸ ਪਿੱਛੇ ਮੁੱਖ ਕਾਰਨ ਕੈਪਟਨ ਅਤੇ ਬਾਦਲ ਦਾ ਆਪਸ ਵਿਚ ਮਿਲੇ ਹੋਣਾ ਹੈ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਤੇ ਬਾਦਲ ਦੋਵੇਂ ਫ਼ਰੈਡਲੀ ਮੈਚ ਖੇਡ ਰਹੇ ਹਨ ਜਿਸ ਦਾ ਖ਼ਮਿਆਜਾ ਪੰਜਾਬ ਭੁਗਤ ਰਿਹਾ ਹੈ | ਕੈਪਟਨ ਹਕੂਮਤ ਉਤੇ ਨਿਸ਼ਾਨੇ ਸਾਧਦਿਆਂ ਉਕਤ ਆਗੂਆਂ ਦੋਸ਼ ਲਾਇਆ ਕਿ ਚੋਣਾਂ ਵੇਲੇ ਕੈਪਟਨ ਨੇ ਵੱਡੋ-ਵੱਡੇ ਵਾਅਦੇ ਕੀਤੇ ਸੀ ਕਿ ਬਰਗਾੜੀ ਕਾਂਡ ਦੇ ਅਸਲ ਦੋਸ਼ੀ,ਕਰਜੇ ਮੁਆਫੀ ਆਦਿ ਮਸਲਿਆਂ ਨੂੰ  ਸਿਰੇ ਚਾੜਿਆ ਜਾਵੇਗਾ ਪਰ ਅਸਲੀਅਤ ਚ ਉਨਾ ਬਾਦਲਾਂ ਨਾਲ ਰਲ ਕੇ ਪੰਜਾਬ ਨੂੰ  ਚੰਗੀ ਤਰ੍ਹਾਂ ਲੁਟਿਆ | ਦੋਹਾਂ ਆਗੂਆਂ ਨੇ ਸਾਂਝੇ ਤੌਰ ਉਤੇ ਕਿਹਾ ਕਿ ਪੰਜਾਬ ਦੇ ਭਲੇ ਲਈ ਅਸੀ ਦੋਵੇਂ ਨਵੀਂ ਪਾਰਟੀ ਬਣਾ ਕੇ ਪੰਜਾਬ ਨੂੰ  ਚੋਥਾ ਫ਼ਰੰਟ ਜ਼ਰੂਰੀ ਦਵਾਵਾਂਗੇ | ਢੀਂਡਸਾ ਨੇ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ ਫੜਨ ਅਤੇ ਪੀੜਤਾਂ ਨੂੰ  ਇਨਸਾਫ਼ ਦੇਣ ਲਈ ਉੱਚ ਪਧਰੀ ਵਫ਼ਦ ਪੰਜਾਬ ਦੇ ਗਵਰਨਰ ਨੂੰ  ਜਲਦੀ ਮਿਲੇਗਾ | 
ਇਥੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੀ ਰਿਹਾਇਸ਼ 'ਤੇ ਦੋਵੇਂ ਦਲਾਂ ਦੇ ਰਲੇਵੇਂ ਮੌਕੇ ਆਗੂਆਂ ਨੇ ਕਿਹਾ ਕਿ ਛੇਤੀ ਹੀ ਹੋਰ ਕਈ ਅਕਾਲੀ ਆਗੂ ਨਵੇਂ ਬਣਨ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣਗੇ | ਉਕਤ ਆਗੂੂਆਂ ਨੇ ਸਾਂਝੇ ਤੌਰ ਉਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਅਪੀਲ ਕੀਤੀ ਗਈ ਕਿ ਉਹ ਅਪਣੀ ਜਿੱਦ ਛੱਡ ਕੇ ਕਿਸਾਨੀ ਮੰਗਾਂ ਤੁਰਤ ਸਵੀਕਾਰਨ ਕਰਨ ਤੇ ਕਈ ਮਹੀਨਿਆਂ ਤੋਂ ਅਪਣੇ ਹੱਕੀ ਮੰਗਾਂ ਖ਼ਾਤਰ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤੇ ਨੂੰ  ਰਾਹਤ ਦਿਵਾਉਣ |  ਇਸ ਮੌਕੇ ਇਲਾਵਾ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਦਵਿੰਦਰ ਸਿੰਘ ਸੋਢੀ ਰਾਜਸੀ ਸਲਾਹਕਾਰ, ਡਾ. ਮਨਜੀਤ ਸਿੰਘ ਭੌਮਾ, ਸਾਹਿਬ ਸਿੰਘ ਬਡਾਲੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਹਰਦਿੱਤ ਸਿੰਘ ਅਤੇ ਬਲਜਿੰਦਰ ਸਿੰਘ ਐਟਲਾਟਾ, ਜਸਵਿੰਦਰ ਸਿੰਘ ਓ.ਐਸ.ਡੀ. ਆਦਿ ਹਾਜ਼ਰ ਸਨ |