ਕੁਮਾਰ ਵਿਸ਼ਵਾਸ਼ ਖਿਲਾਫ਼ ਰੋਪੜ 'ਚ ਮਾਮਲਾ ਦਰਜ, ਭੜਕਾਊ ਬਿਆਨ ਦੇਣ ਦੇ ਲੱਗੇ ਇਲਜ਼ਾਮ
26 ਅਪ੍ਰੈਲ ਨੂੰ ਰੋਪੜ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਖਿਲਾਫ਼ ਟਿੱਪਣੀ ਕਰਨ ਦੇ ਮਾਮਲੇ 'ਚ ਪੰਜਾਬ ਪੁਲਿਸ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ। ਵਿਸ਼ਵਾਸ ਨੇ ਖ਼ੁਦ ਪੁਲਿਸ ਦੇ ਗਾਜ਼ੀਆਬਾਦ ਦੇ ਘਰ ਪਹੁੰਚਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪੰਜਾਬ ਪੁਲਿਸ ਨੇ ਦੁਸ਼ਮਣੀ ਤੇ ਨਫ਼ਰਤ ਫੈਲਾਉਣ ਦੇ ਦੋਸ਼ 'ਚ ਕੁਮਾਰ ਵਿਸ਼ਵਾਸ਼ 'ਤੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਖ਼ਿਲਾਫ਼ ਥਾਣਾ ਸਦਰ ਰੋਪੜ ਵਿੱਚ ਕੇਸ ਦਰਜ ਕੀਤਾ। ਪੁਲਿਸ ਦੀ ਇੱਕ ਟੀਮ ਨੋਟਿਸ ਦੇਣ ਲਈ ਉਹਨਾਂ ਕੋਲ ਪਹੁੰਚੀ ਅਤੇ ਉਸ ਨੂੰ 26 ਅਪ੍ਰੈਲ ਨੂੰ ਰੋਪੜ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਰੋਪੜ ਦੇ ਐਸਪੀ (ਡੀ) ਹਰਬੀਰ ਅਟਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਵਿਸ਼ਵਾਸ ਨੂੰ ਕਿਹਾ ਕਿ ਉਸਨੇ ਕੇਜਰੀਵਾਲ 'ਤੇ ਖਾਲਿਸਤਾਨ ਪੱਖੀ ਹੋਣ ਦਾ ਦੋਸ਼ ਲਗਾਇਆ ਹੈ ਅਤੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਸਬੂਤ ਦੇ ਕੇ ਜਾਂਚ ਵਿੱਚ ਸਹਿਯੋਗ ਕਰਨ। ਇਸੇ ਮਾਮਲੇ ਵਿੱਚ ਅਲਕਾ ਲਾਂਬਾ ਨੂੰ ਵੀ ਨੋਟਿਸ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਿਆ ਹੈ।
ਪੰਜਾਬ ਦੇ ਰੋਪੜ ਜ਼ਿਲੇ ਦੇ ਥਾਣਾ ਸਦਰ 'ਚ ਕੁਮਾਰ ਵਿਸ਼ਵਾਸ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 153, 153ਏ, 505, 505(2), 116 ਆਰ/ਡਬਲਯੂ, 143, 147, 323, 341, 506 ਅਤੇ 120ਬੀ ਅਤੇ ਲੋਕ ਪ੍ਰਤੀਨਿਧਤਾ ਐਕਟ 125 ਤਹਿਤ ਕੇਸ ਦਰਜ ਕੀਤਾ ਗਿਆ ਹੈ। ਰੋਪੜ ਸਦਰ ਥਾਣੇ ਦੇ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਕੁਮਾਰ ਦੇ ਮੈਨੇਜਰ ਨੂੰ ਨੋਟਿਸ ਸੌਪਿਆ ਹੈ।