'ਆਪ' ਦੇ ਰਾਜ ਸਭਾ ਮੈਂਬਰ ਦੇ ਐਸ.ਵਾਈ.ਐਲ ਨਹਿਰ ਬਾਰੇ ਬਿਆਨ ਨਾਲ ਦੋਹਾਂ ਰਾਜਾਂ ਵਿਚ ਸਿਆਸੀ ਮੈਦਾਨ ਭਖਿਆ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਦੇ ਰਾਜ ਸਭਾ ਮੈਂਬਰ ਦੇ ਐਸ.ਵਾਈ.ਐਲ ਨਹਿਰ ਬਾਰੇ ਬਿਆਨ ਨਾਲ ਦੋਹਾਂ ਰਾਜਾਂ ਵਿਚ ਸਿਆਸੀ ਮੈਦਾਨ ਭਖਿਆ

image


ਹਰਿਆਣਾ ਵਲੋਂ ਇਸ ਸਬੰਧੀ ਪੰਜਾਬ ਵਿਰੁਧ ਮਾਣਹਾਨੀ ਪਟੀਸ਼ਨ ਪਾਉਣ ਦੀ ਵੀ ਤਿਆਰੀ


ਚੰਡੀਗੜ੍ਹ, 19 ਅਪ੍ਰੈਲ (ਭੁੱਲਰ): ਆਮ ਆਦਮੀ ਪਾਰਟੀ ਦੇ ਹਰਿਆਣਾ ਤੋਂ ਰਾਜ ਸਭਾ ਮੈਂਬਰ ਡਾ. ਸੁਸ਼ੀਲ ਗੁਪਤਾ ਵਲੋਂ ਐਸ.ਵਾਈ.ਐਲ ਨਹਿਰ ਰਾਹੀਂ ਪੰਜਾਬ ਦਾ ਪਾਣੀ ਦੇਣ ਬਾਰੇ ਦਿਤੇ ਬਿਆਨ ਨੂੰ  ਲੈ ਕੇ ਦੋਹਾਂ ਰਾਜਾਂ ਵਿਚਾਲੇ ਮੁੜ ਇਕ ਵਾਰ ਸਿਆਸੀ ਮੈਦਾਨ ਭੱਖ ਗਿਆ ਹੈ | ਪੰਜਾਬ ਦੀ ਸੱਤਾਧਾਰੀ ਪਾਰਟੀ ਵਲੋਂ ਇਸ ਬਾਰੇ ਭਾਵੇਂ ਕੋਈ ਅਧਿਕਾਰਤ ਟਿਪਣੀ ਹਾਲੇ ਨਹੀਂ ਆਈ ਪਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਮੈਂਬਰ ਦੇ ਬਿਆਨ ਵਿਰੁਧ ਸਖ਼ਤ ਪ੍ਰਤੀਕਰਮ ਦਿਤੇ ਹਨ ਅਤੇ 'ਆਪ' ਪੰਜਾਬ ਦੇ ਆਗੂਆਂ ਤੇ ਮੁੱਖ ਮੰਤਰੀ ਤੋਂ ਇਸ ਬਾਰੇ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ |
ਇਸ ਦੌਰਾਨ ਇਹ ਖ਼ਬਰ ਵੀ ਹੈ ਕਿ ਹਰਿਆਣਾ ਸਰਕਾਰ ਐਸ.ਵਾਈ.ਐਲ ਨਹਿਰ ਦੇ ਮੁੱਦੇ ਨੂੰ  ਲੈ ਕੇ ਪੰਜਾਬ ਸਰਕਾਰ ਵਿਰੁਧ ਸੁਪਰੀਮ ਕੋਰਟ ਵਿਚ ਇਕ ਮਾਣਹਾਨੀ ਪਟੀਸ਼ਨ ਵੀ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਵਲੋਂ ਚੰਡੀਗੜ੍ਹ ਰਾਜਧਾਨੀ ਲਈ ਵਿਧਾਨ ਸਭਾ ਵਿਚ ਪਾਸ ਮਤੇ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਇਸ ਮਤੇ ਦੇ ਵਿਰੋਧ ਵਿਚ ਮਤਾ ਪਾਸ ਕਰਨ ਸਮੇਂ ਐਸ.ਵਾਈ.ਐਲ ਨਹਿਰ ਬਣਾਉਣ ਦੀ ਮੰਗ ਵੀ ਕਰ ਚੁੱਕੀ ਹੈ | 'ਆਪ' ਹਰਿਆਣਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦੇ ਤਾਜ਼ਾ ਬਿਆਨ ਬਾਅਦ ਇਕ ਵਾਰ ਮੁੜ ਐਸ.ਵਾਈ.ਐਲ ਦੇ ਮੁੱਦੇ 'ਤੇ ਸਿਆਸਤ ਗਰਮਾ ਗਈ ਹੈ ਅਤੇ 'ਆਪ' ਦੀ ਨਵੀਂ ਬਣੀ ਪੰਜਾਬ ਦੀ ਸਰਕਾਰ ਲਈ ਇਹ ਵੱਡੀ ਚੁਨੌਤੀ ਵਾਲਾ ਵਿਸ਼ਾ ਹੈ |

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਅੱਜ ਇਕ ਬਿਆਨ ਵਿਚ ਕਿਹਾ ਹੈ ਕਿ ਐਸ.ਵਾਈ.ਐਲ ਨਹਿਰ ਦਾ ਪਾਣੀ ਪੂਰੇ ਹਰਿਆਣਾ ਨੂੰ  ਲੈ ਕੇ ਦਿਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਕੇਂਦਰ ਤੇ ਹਰਿਆਣਾ ਤੋਂ ਇਲਾਵਾ ਪੰਜਾਬ ਵਿਚ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਪਰ ਕਿਸੇ ਨੇ ਦਰਿਆਈ ਪਾਣੀਆਂ ਦੇ ਮਸਲੇ ਨੂੰ  ਹੱਲ ਕਰਨ ਦਾ ਯਤਨ ਨਹੀਂ ਕੀਤਾ ਬਲਕਿ ਇਸ ਨੂੰ  ਲੈ ਕੇ ਵੋਟ ਬੈਂਕ ਦੀ ਰਾਜਨੀਤੀ ਕੀਤੀ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ 'ਆਪ' ਦੀ ਸਰਕਾਰ ਹੈ ਅਤੇ 2025 ਵਿਚ ਹਰਿਆਣਾ ਵਿਚ ਵੀ 'ਆਪ' ਦੀ ਸਰਕਾਰ ਬਣੇਗੀ ਅਤੇ ਪੰਜਾਬ ਨਾਲ ਮਿਲ ਕੇ ਹਰਿਆਣਾ ਨੂੰ  ਪਾਣੀ ਦਿਵਾਇਆ ਜਾਵੇਗਾ |