ਹਰਜੋਤ ਬੈਂਸ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਕੀਤਾ ਦੌਰਾ

ਏਜੰਸੀ

ਖ਼ਬਰਾਂ, ਪੰਜਾਬ

ਹਰਜੋਤ ਬੈਂਸ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਕੀਤਾ ਦੌਰਾ

image

ਕਰਤਾਰਪੁਰ/ਜਲੰਧਰ, 19 ਅਪ੍ਰੈਲ (ਅਮਰਿੰਦਰ ਸਿੱਧੂ): ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਖਣਨ ਤੇ ਭੂ-ਵਿਗਿਆਨ, ਕਾਨੂੰਨ ਤੇ ਵਿਧਾਨਕ ਮਾਮਲੇ ਅਤੇ ਜੇਲਾਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਅਤੇ ਦੇਸ਼ ਨੂੰ ਬਿ੍ਰਟਿਸ਼ ਸਾਸ਼ਨ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਵਲੋਂ ਨਿਭਾਈ ਗਈ ਅਹਿਮ ਭੂਮਿਕਾ ਦੀ ਪੇਸ਼ਕਾਰੀ ਕਰਦੀਆਂ ਗੈਲਰੀਆਂ ਗਹੁ ਨਾਲ ਦੇਖੀਆਂ।
ਹਰਜੋਤ ਸਿੰਘ ਬੈਂਸ ਨੇ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਨਾਲ ਯਾਦਗਾਰ ਵਿਚ ਬਣੇ ਮੀਨਾਰ ਵਿਖੇ ਮਹਾਨ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਵਲੋਂ ਪਾਏ ਯੋਗਦਾਨ ਨੂੰ ਬਿਆਨ ਕਰਦੀਆਂ ਸਮੂਹ ਗੈਲਰੀਆਂ ਦਾ ਦੌਰਾ ਕੀਤਾ ਅਤੇ ਆਜ਼ਾਦੀ ਸੰਗਰਾਮ ਨਾਲ ਸਬੰਧਤ ਲਘੂ ਫ਼ਿਲਮ ਵੀ ਦੇਖੀ। ਉਨ੍ਹਾਂ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀਆਂ ਤਸਵੀਰਾਂ ਦੇ ਨਾਲ-ਨਾਲ ਉਥੇ ਸਕਰੀਨਾਂ ’ਤੇ ਪ੍ਰਦਰਸ਼ਤ ਅਤੇ ਲਿਖਤ ਵਿਸਥਾਰਤ ਜਾਣਕਾਰੀ ਨੂੰ ਵੀ ਵਾਚਿਆ। ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਇਕ ਢੁਕਵੀ ਸ਼ਰਧਾਂਜਲੀ ਹੈ, ਜਿਥੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਲੋਂ ਦਿਤੀਆਂ ਮਹਾਨ ਸ਼ਹਾਦਤਾਂ ਨੂੰ ਸਹੀ ਪਰਿਪੇਖ ਵਿਚ ਪ੍ਰਦਰਸ਼ਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਨਾਲ ਜੁੜੇ ਸੰਘਰਸ਼, ਬਹਾਦਰੀ ਅਤੇ ਦੇਸ਼ ਭਗਤੀ ਦੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦਿੰਦੇ ਹੋਏ ਸਾਡੇ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਦਾ ਸੰਚਾਰ ਕਰਦੀ ਰਹੇਗੀ। 
ਇਸ ਤੋਂ ਪਹਿਲਾਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਪਹੁੰਚਣ ’ਤੇ ਹਰਜੋਤ ਸਿੰਘ ਬੈਂਸ ਨੂੰ ਗਾਰਡ ਆਫ਼ ਆਨਰ ਦਿਤਾ ਗਿਆ। 


ਇਸ ਮੌਕੇ ਆਮ ਆਦਮੀ ਪਾਰਟੀ ਦੀ ਆਗੂ ਰਾਜਵਿੰਦਰ ਕੌਰ, ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਕੰਵਲਪ੍ਰੀਤ ਬਰਾੜ, ਐਸ.ਡੀ.ਐਮ. ਬਲਬੀਰ ਰਾਜ, ਐਸ.ਐਸ.ਪੀ. ਸਵਪਨ ਸ਼ਰਮਾ, ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਸਤਨਾਮ ਮਾਣਕ, ਸਕੱਤਰ ਪ੍ਰਬੰਧਕੀ ਕਮੇਟੀ ਲਖਵਿੰਦਰ ਜੌਹਲ, ਮੈਂਬਰ ਪ੍ਰਬੰਧਕੀ ਕਮੇਟੀ ਰਮੇਸ ਮਿੱਤਲ ਆਦਿ ਮੌਜੂਦ ਸਨ।
Photo : Jal_Sidhu_19_13 & 14