ਪਲਾਂਟਾਂ ਵਿਚ ਕੋਲੇ ਦੀ ਘਾਟ ਕਾਰਨ ਦੇਸ਼ 'ਚ ਬਿਜਲੀ ਸੰਕਟ ਵਧਿਆ

ਏਜੰਸੀ

ਖ਼ਬਰਾਂ, ਪੰਜਾਬ

ਪਲਾਂਟਾਂ ਵਿਚ ਕੋਲੇ ਦੀ ਘਾਟ ਕਾਰਨ ਦੇਸ਼ 'ਚ ਬਿਜਲੀ ਸੰਕਟ ਵਧਿਆ

image


ਨਵੀਂ ਦਿੱਲੀ, 19 ਅਪ੍ਰੈਲ : ਆਲ ਇੰਡੀਆ ਫ਼ੈਡਰੇਸ਼ਨ ਆਫ਼ ਇਲੈਕਟ੍ਰੀਸਿਟੀ ਇੰਜੀਨੀਅਰਜ਼ (ਏ.ਆਈ.ਪੀ.ਈ.ਐਫ਼.) ਨੇ ਦੇਸ਼ ਭਰ ਵਿਚ ਕੋਲਾ ਆਧਾਰਤ ਬਿਜਲੀ ਉਤਪਾਦਨ ਪਲਾਂਟਾਂ ਨੂੰ  ਕੋਲਾ ਨਾ ਮਿਲਣ ਕਾਰਨ ਆਉਣ ਵਾਲੇ ਸਮੇਂ ਵਿਚ ਬਿਜਲੀ ਸੰਕਟ ਦਾ ਖਦਸ਼ਾ ਪ੍ਰਗਟਾਇਆ ਹੈ | ਮੰਗਲਵਾਰ ਨੂੰ  ਜਾਰੀ ਇਕ ਬਿਆਨ ਵਿਚ ਏਆਈਪੀਈਐਫ਼ ਨੇ ਕਿਹਾ ਕਿ ਵਧਦੀ ਗਰਮੀ ਨਾਲ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿਚ ਬਿਜਲੀ ਦੀ ਮੰਗ ਵਧ ਗਈ ਹੈ ਪਰ ਕੋਲੇ ਨਾਲ ਚੱਲਣ ਵਾਲੇ ਥਰਮਲ ਪਾਵਰ ਪਲਾਂਟਾਂ ਨੂੰ  ਕੋਲੇ ਦੀ ਲੋੜੀਂਦੀ ਮਾਤਰਾ ਨਹੀਂ ਮਿਲ ਰਹੀ | ਇਸ ਕਾਰਨ ਕਈ ਰਾਜਾਂ ਨੂੰ  ਬਿਜਲੀ ਦੀ ਮੰਗ ਅਤੇ ਪੂਰਤੀ ਵਿਚਕਾਰ ਪਾੜੇ ਨੂੰ  ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ | ਫ਼ੈਡਰੇਸ਼ਨ ਦੇ ਬੁਲਾਰੇ ਵੀ ਕੇ ਗੁਪਤਾ ਨੇ ਕਿਹਾ ਕਿ ਜੇਕਰ ਤਾਪ ਬਿਜਲੀ ਘਰਾਂ ਨੂੰ  ਕੋਲੇ ਦੀ ਲੋੜੀਂਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਦੇਸ਼ ਨੂੰ  ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੀ ਤਾਜ਼ਾ ਰੋਜ਼ਾਨਾ ਕੋਲਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਬਿਆਨ ਵਿਚ ਕਿਹਾ ਗਿਆ ਹੈ ਕਿ ਘਰੇਲੂ ਕੋਲੇ ਦੀ ਵਰਤੋਂ ਕਰਨ ਵਾਲੇ ਕੁਲ 150 ਥਰਮਲ-ਪਾਵਰ ਸਟੇਸ਼ਨਾਂ ਵਿਚੋਂ 81 ਕੋਲਾ ਭੰਡਾਰ ਗੰਭੀਰ ਸਥਿਤੀ ਵਿਚ ਹਨ | ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਦੀ ਹਾਲਤ ਵੀ ਓਨੀ ਹੀ ਮਾੜੀ ਹੈ, ਜਿਥੇ 54 ਵਿਚੋਂ 28 ਪਲਾਂਟਾਂ ਕੋਲ ਕੋਲੇ ਦੇ ਭੰਡਾਰ ਹਨ, ਜਿਨ੍ਹਾਂ ਦੀ ਸਥਿਤੀ ਗੰਭੀਰ ਹੈ |
ਏਆਈਪੀਈਐਫ਼ ਦੇ ਬਿਆਨ ਮੁਤਾਬਕ ਦੇਸ਼ ਦੇ ਉਤਰੀ ਖੇਤਰ 'ਚ ਸੱਭ ਤੋਂ ਖ਼ਰਾਬ ਸਥਿਤੀ ਰਾਜਸਥਾਨ ਅਤੇ ਉਤਰ ਪ੍ਰਦੇਸ਼ 'ਚ ਹੈ | ਰਾਜਸਥਾਨ ਵਿਚ 7,580 ਮੈਗਾਵਾਟ ਦੀ ਸਮਰੱਥਾ ਵਾਲੇ ਸਾਰੇ ਸੱਤ ਥਰਮਲ ਪਲਾਂਟਾਂ ਕੋਲ ਬਹੁਤ ਘੱਟ ਸਟਾਕ ਬਚਿਆ ਹੈ | ਉਤਰ ਪ੍ਰਦੇਸ਼ ਵਿਚ ਵੀ ਅਨਪਾਰਾ ਪਲਾਂਟ ਨੂੰ  ਛੱਡ ਕੇ ਤਿੰਨ ਸਰਕਾਰੀ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਦੀ ਸਥਿਤੀ ਗੰਭੀਰ ਬਣੀ ਹੋਈ ਹੈ |
ਪੰਜਾਬ ਦੇ ਰਾਜਪੁਰਾ ਪਲਾਂਟ ਵਿਚ ਕੋਲੇ ਦਾ 17 ਦਿਨਾਂ ਦਾ ਸਟਾਕ ਹੈ, ਜਦੋਂ ਕਿ ਤਲਵੰਡੀ ਸਾਬੋ ਪਲਾਂਟ ਵਿਚ ਚਾਰ ਦਿਨਾਂ ਦਾ ਕੋਲਾ ਹੈ | ਇਸ ਦੇ ਨਾਲ ਹੀ ਜੀਵੀਕੇ ਪਲਾਂਟ ਕੋਲ ਕੋਲੇ ਦਾ ਸਟਾਕ ਖ਼ਤਮ ਹੋ ਗਿਆ ਹੈ | ਰੋਪੜ ਅਤੇ ਲਹਿਰ ਮੁਹੱਬਤ ਪਲਾਂਟਾਂ ਵਿਚ ਵੀ ਕ੍ਰਮਵਾਰ ਨੌਂ ਅਤੇ ਛੇ ਦਿਨਾਂ ਦਾ ਭੰਡਾਰ ਹੈ | ਬਿਆਨ ਮੁਤਾਬਕ ਹਰਿਆਣਾ ਦੇ ਯਮੁਨਾਨਗਰ ਪਲਾਂਟ ਵਿਚ ਅੱਠ ਦਿਨਾਂ ਦਾ ਅਤੇ ਪਾਣੀਪਤ ਪਲਾਂਟ ਵਿਚ ਸੱਤ ਦਿਨਾਂ ਦਾ ਸਟਾਕ ਹੈ | ਖੇਦਰ ਪਾਵਰ ਪਲਾਂਟ ਵਿਚ  ਸਿਰਫ਼ ਇਕ ਯੂਨਿਟ ਚਾਲੂ ਰਹਿਣ ਕਾਰਨ 22 ਦਿਨਾਂ ਦਾ ਸਟਾਕ ਬਚਿਆ ਹੈ |
ਦੇਸ਼ ਦੇ ਉੱਤਰੀ ਰਾਜਾਂ ਵਿਚ ਸ਼ਾਮ ਨੂੰ  2400 ਮੈਗਾਵਾਟ ਬਿਜਲੀ ਦੀ ਕਮੀ ਦਰਜ ਕੀਤੀ ਜਾ ਰਹੀ ਹੈ | ਇਸ ਵਿਚੋਂ ਉੱਤਰ ਪ੍ਰਦੇਸ਼ ਤੋਂ 1200 ਮੈਗਾਵਾਟ ਅਤੇ  ਹਰਿਆਣਾ ਵਿਚ 600 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ ਹੈ |
ਕੇਂਦਰੀ ਊਰਜਾ ਮੰਤਰਾਲੇ ਨੇ ਅਗਲੇ ਕੁੱਝ ਮਹੀਨਿਆਂ ਵਿਚ ਬਿਜਲੀ ਦੀ ਮੰਗ ਦੇ ਸਿਖਰ 'ਤੇ ਹੋਣ ਦੀ ਸਥਿਤੀ ਵਿਚ ਕੋਲੇ ਦੇ ਢੁਕਵੇਂ ਸਟਾਕ ਨੂੰ  ਬਣਾਈ ਰਖਣ ਲਈ 10 ਪ੍ਰਤੀਸ਼ਤ ਤਕ ਮਿਸਰਣ ਲਈ ਕੋਲੇ ਦੇ ਵਿਦੇਸ਼ੀ ਆਯਾਤ ਦੀ ਸਿਫਾਰਸ਼ ਕੀਤੀ ਹੈ | ਹਾਲਾਂਕਿ, ਏਆਈਪੀਈਐਫ਼ ਦਾ ਵਿਚਾਰ ਹੈ ਕਿ ਮਹਿੰਗਾ ਆਯਾਤ ਕੋਲਾ ਲਾਗਤ ਵਿਚ ਵਾਧਾ ਕਰੇਗਾ |    (ਏਜੰਸੀ)