ਜਥੇਦਾਰ ਹਵਾਰਾ ਕਮੇਟੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਿਖਿਆ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

ਜਥੇਦਾਰ ਹਵਾਰਾ ਕਮੇਟੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਿਖਿਆ ਪੱਤਰ

image

ਅੰਮ੍ਰਿਤਸਰ, 19 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ, ਪਰਮਿੰਦਰ ਅਰੋੜਾ): ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਪ੍ਰੋ.ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਲਬੀਰ ਸਿੰਘ ਹਿਸਾਰ, ਬਲਦੇਵ ਸਿੰਘ ਨਵਾਪਿੰਡ, ਮਹਾਬੀਰ ਸਿੰਘ ਸੁਲਤਾਨਵਿੰਡ, ਐਡਵੋਕੇਟ ਦਿਲਸੇਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਕਿ ਭਾਰਤ ਸਰਕਾਰ ਵਲੋਂ ਦੀਨ ਦੁਨੀਆਂ ਦੇ ਮਾਲਕ ਸਿੱਖਾਂ ਦੇ ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਚਾਰ ਸੌ ਸਾਲਾ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। 
ਦੇਸ਼ ਵਿਦੇਸ਼ ਦਾ ਸਿੱਖ ਬਹੁਤ ਤੀਬਰਤਾ ਨਾਲ ਇਸ ਪਵਿੱਤਰ ਦਿਹਾੜੇ ਤੇ ਸਰਕਾਰ ਵਲ ਦੇਖ ਰਿਹਾ ਹੈ। ਗੁਰੂ ਤੇਗ ਬਹਾਦੁਰ ਸਾਹਿਬ ਨੇ ਅਪਣੀ ਸ਼ਹੀਦੀ ਦੇ ਕੇ ਔਰਗ਼ਜ਼ੇਬ ਦੇ ਜ਼ੁਲਮ ਤੋਂ ਹਿੰਦੂ ਧਰਮ ਨੂੰ ਆਜ਼ਾਦ ਕਰਵਾ ਕੇ ਮਨੁੱਖਤਾ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਬਣਾ ਦਿਤੀ ਜਿਸ ਦਾ ਵਿਸ਼ਵ ਭਰ ਵਿਚ ਹੋਰ ਕੋਈ ਮੇਲ ਨਹੀਂ ਮਿਲਦਾ ਹੈ। ਭਾਰਤ ਸਰਕਾਰ ਵਲੋਂ ਮਨਾਇਆ ਜਾ ਰਿਹਾ ਇਹ ਦਿਹਾੜਾ ਤਾਂ ਹੀ ਸਾਰਥਕ ਹੈ ਜੇ ਕਰ ਮਾਨਵ ਅਧਿਕਾਰਾਂ ਦੀ ਕਦਰ ਕਰਦੇ ਹੋਏ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲਾਂ ਵਿਚੋਂ ਤੁਰਤ ਰਿਹਾਅ ਕੀਤਾ ਜਾਵੇ। ਇਨ੍ਹਾਂ ਬੰਦੀ ਸਿੰਘਾਂ ਵਿਚ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ, ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਸਮਸੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਸਾਮਲ ਹਨ। ਗੁਰੂ ਨਾਨਕ ਸਾਹਿਬ ਦੇ ਨਾਮ ਤੇ ਬਣੇ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਵਿਚ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਮੰਗੂ ਮੱਠ ਸਾਮਲ ਹਣ ਉਨ੍ਹਾਂ ਨੂੰ ਆਨੇ ਬਹਾਨੇ ਸਰਕਾਰੀ ਤੰਤਰ ਵਲੋਂ ਢਾਹ ਦਿਤਾ ਗਿਆ ਹੈ ਜਿਸ ਦੀ ਪੀੜਾ ਤੋਂ ਸਿੱਖ ਬਹੁਤ ਦੁਖੀ ਹਨ। ਆਪ ਨੂੰ ਬੇਨਤੀ ਹੈ ਕਿ ਉਹ ਗੁਰਦੁਆਰੇ ਮੁੜ ਉਸਾਰ ਕੇ ਸਿੱਖਾਂ ਦੇ ਹਵਾਲੇ ਕੀਤੇ ਜਾਣ।