ਲੁਧਿਆਣਾ ਵਿਖੇ ਝੁੱਗੀਆਂ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 7 ਜੀਆਂ ਦੀ ਗਈ ਜਾਨ 

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕਾਂ ਵਿਚ ਪੰਜ ਬੱਚੇ ਵੀ ਹਨ ਸ਼ਾਮਲ, ਪੁਲਿਸ ਵਲੋਂ ਲਗਾਇਆ ਜਾ ਰਿਹਾ ਹੈ ਕਰਨਾ ਦਾ ਪਤਾ 

Ludhiana news

ਲੁਧਿਆਣਾ : ਸਥਾਨਕ ਤਾਜਪੁਰ ਰੋਡ ਸਥਿਤ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਸ ਦੀ ਚਪੇਟ ਵਿਚ ਆਉਣ ਕਾਰਨ ਇੱਕੋ ਪਰਿਵਾਰ ਦੇ 7  ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਸਮਰਾਲਾ ਚੌਕ ਨੇੜੇ ਟਿੱਬਾ ਰੋਡ 'ਤੇ ਸਥਿਤ ਮੱਕੜ ਕਲੋਨੀ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕੂੜੇ ਦੇ ਡੰਪ ਨੇੜੇ ਬਣੀ ਇਸ ਝੁੱਗੀ ਨੂੰ ਅੱਗ ਲੱਗ ਗਈ ਅਤੇ ਇਸ ਦੌਰਾਨ ਪਰਿਵਾਰ ਅੰਦਰ ਸੁੱਤਾ ਹੋਇਆ ਸੀ।

ਅਚਾਨਕ ਲੱਗੀ ਇਸ ਅੱਗ ਵਿੱਚ ਪਰਿਵਾਰ ਦੇ 7 ਜੀਅ ਜ਼ਿੰਦਾ ਸੜ ਗਏ।  ਬੁਰੀ ਤਰ੍ਹਾਂ ਝੁਲਸਣ ਕਾਰਨ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਨ੍ਹਾਂ ਸਾਰਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ 5 ਬੱਚੇ ਵੀ ਸ਼ਾਮਲ ਹਨ।

ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕਾਂ 'ਚ ਪਤੀ-ਪਤਨੀ ਅਤੇ ਉਨ੍ਹਾਂ ਦੇ 5 ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52), ਬੇਟੀ ਰਾਖੀ (15), ਮਨੀਸ਼ਾ (10), ਗੀਤਾ (8), ਚੰਦਾ (5) ਅਤੇ 2 ਸਾਲਾ ਪੁੱਤਰ ਸੰਨੀ ਵਜੋਂ ਹੋਈ ਹੈ। ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਬਚ ਗਿਆ, ਜੋ ਆਪਣੇ ਦੋਸਤ ਦੇ ਘਰ ਸੌਣ ਗਿਆ ਸੀ।

ਅੱਗ ਦੀਆਂ ਲਪਟਾਂ ਨਿਕਲਣ 'ਤੇ ਆਸ ਪਾਸ ਦੇ ਲੋਕਾਂ ਵਲੋਂ ਫਾਇਰ ਬ੍ਰਿਗੇਡ ਅਤੇ ਥਾਣਾ ਟਿੱਬਾ ਦੀ ਪੁਲਿਸ ਨੂੰ ਸੂਚਨਾ ਦਿਤੀ ਗਈ।  ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰਾਜੇਸ਼ ਮੌਕੇ 'ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸੁਰੇਸ਼ ਕੁਮਾਰ ਸਕਰੈਪ ਡੀਲਰ ਦਾ ਕੰਮ ਕਰਦਾ ਸੀ। ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਨਹੀਂ ਦੱਸ ਸਕਿਆ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਪੁਲਿਸ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਗ ਲੱਗਣ ਦੇ ਕਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।