ਵਿਰੋਧੀ ਧਿਰ ਦੀ ਅਗਵਾਈ ਕਰਨ ਲਈ ਮਮਤਾ ਸੱਭ ਤੋਂ ਬਿਹਤਰ, ਕਾਂਗਰਸ ਅੰਦਰੂਨੀ ਕਲੇਸ਼ 'ਚ ਰੁਝੀ : ਰਿਪੂਨ ਬੋਰਾ

ਏਜੰਸੀ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੀ ਅਗਵਾਈ ਕਰਨ ਲਈ ਮਮਤਾ ਸੱਭ ਤੋਂ ਬਿਹਤਰ, ਕਾਂਗਰਸ ਅੰਦਰੂਨੀ ਕਲੇਸ਼ 'ਚ ਰੁਝੀ : ਰਿਪੂਨ ਬੋਰਾ

image


ਕੋਲਕਾਤਾ, 19 ਅਪ੍ਰੈਲ : ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਨੇਤਾ ਰਿਪੂਨ ਬੋਰਾ ਨੇ ਮੰਗਲਵਾਰ ਨੂੰ  ਦਾਅਵਾ ਕੀਤਾ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ 'ਚ ਵਿਰੋਧੀ ਮੋਰਚੇ ਦੀ ਅਗਵਾਈ ਕਰਨ ਲਈ ਸੱਭ ਤੋਂ ਢੁਕਵੀਂ ਨੇਤਾ ਹੈ ਕਿਉਂਕਿ ਕਾਂਗਰਸ ਨੇਤਾ ਭਾਜਪਾ ਦਾ ਮੁਕਾਬਲਾ ਕਰਨ ਦੀ ਬਜਾਏ ਅੰਦਰੂਨੀ ਕਲੇਸ਼ ਵਿਚ ਉਲਝੇ ਹੋਏ ਹਨ | ਕਾਂਗਰਸ ਦੀ ਅਸਾਮ ਇਕਾਈ ਦੇ ਸਾਬਕਾ ਮੁਖੀ ਬੋਰਾ ਐਤਵਾਰ ਨੂੰ  ਹੀ ਟੀਐਮਸੀ ਵਿਚ ਸ਼ਾਮਲ ਹੋ ਗਏ | ਉਨ੍ਹਾਂ ਦੋਸ਼ ਲਾਇਆ ਕਿ ਉਤਰ-ਪੂਰਬੀ ਰਾਜ ਵਿਚ ਕਈ ਕਾਂਗਰਸੀ ਆਗੂ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੇ ਹਨ | ਉਨ੍ਹਾਂ ਨੇ ਪੀਟੀਆਈ ਨੂੰ  ਇਕ ਇੰਟਰਵਿਊ ਵਿਚ ਕਿਹਾ, Tਭਾਜਪਾ ਸੰਵਿਧਾਨ ਲਈ ਖ਼ਤਰਾ ਹੈ ਅਤੇ ਇਸ ਤੋਂ ਵਧ ਇਹ ਦੇਸ਼ ਦੀ ਆਰਥਕਤਾ ਲਈ ਖ਼ਤਰਾ ਹੈ |''
ਬੋਰਾ ਨੇ ਕਿਹਾ, ''ਕਾਂਗਰਸ ਨੂੰ  ਸੱਭ ਤੋਂ ਪੁਰਾਣੀ ਪਾਰਟੀ ਹੋਣ ਦੇ ਨਾਤੇ ਭਾਜਪਾ ਵਿਰੁਧ ਲੜਾਈ ਦੀ ਅਗਵਾਈ ਕਰਨੀ ਚਾਹੀਦੀ ਸੀ | ਪਰ ਬਦਕਿਸਮਤੀ ਨਾਲ, ਵੱਖ-ਵੱਖ ਰਾਜਾਂ ਵਿਚ ਇਸ ਦੇ ਆਗੂ ਭਾਜਪਾ ਨਾਲ ਲੜਨ ਦੀ ਬਜਾਏ ਆਪਸ ਵਿਚ ਲੜ ਰਹੇ ਹਨ |''
ਉਨ੍ਹਾਂ ਦਾਅਵਾ ਕੀਤਾ ਕਿ ਉਹ ਪਾਰਟੀ ਨੂੰ  ਅਜਿਹੀ ਸਥਿਤੀ ਵਿਚ ਲਿਆਉਣ ਵਿਚ ਕਾਮਯਾਬ ਰਹੇ ਜਿਥੇ ਲੋਕਾਂ ਨੂੰ  ਉਮੀਦ ਸੀ ਕਿ ਉਹ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸਾਮ 'ਚ ਸਰਕਾਰ ਬਣਾਏਗੀ | ਉਨ੍ਹਾਂ ਅਨੁਸਾਰ, Tਅੰਦਰੂਨੀ ਝਗੜਿਆਂ ਕਾਰਨ ਲੋਕਾਂ ਦਾ ਸਾਡੇ ਤੋਂ ਵਿਸ਼ਵਾਸ਼ ਟੁੱਟ ਗਿਆ ਹੈ |''
ਬੋਰਾ ਨੇ ਕਿਹਾ, Tਮੈਂ 2016 ਤੋਂ 2021 ਤਕ ਅਸਾਮ ਕਾਂਗਰਸ ਦਾ ਪ੍ਰਧਾਨ ਸੀ | ਮੈਂ ਪਾਰਟੀ ਨੂੰ  ਮੁੜ ਸੱਤਾ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ | ਪਰ ਸੀਨੀਅਰ ਆਗੂਆਂ ਦਾ ਇਕ ਧੜਾ ਆਪਸ ਵਿਚ ਇਸ ਤਰ੍ਹਾਂ ਲੜ ਰਿਹਾ ਸੀ ਕਿ ਲੋਕਾਂ ਦਾ ਮਨੋਬਲ ਟੁੱਟ ਗਿਆ | ਮੈਂ ਮਹਾਗਠਜੋੜ ਬਣਾ ਕੇ ਅਪਣੀ ਪੂਰੀ ਕੋਸ਼ਿਸ਼ ਕੀਤੀ | ਇਸ ਸਮੇਂ ਅਸਾਮ ਵਿਚ ਕੋਈ ਵਿਰੋਧੀ ਧਿਰ ਨਹੀਂ ਹੈ |''
ਉਨ੍ਹਾਂ ਕਿਹਾ, ''ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਨੇ ਜਿਸ ਤਰ੍ਹਾਂ ਭਾਜਪਾ ਦਾ ਹਮਲਾਵਰ ਢੰਗ ਨਾਲ ਮੁਕਾਬਲਾ ਕੀਤਾ, ਉਸ ਦੀ ਦੇਸ਼ ਭਰ 'ਚ ਸ਼ਲਾਘਾ ਹੋ ਰਹੀ ਹੈ |'' ਬੋਰਾ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਛੱਡ ਦਿਤੀ ਕਿਉਂਕਿ ਉਹ ਪਾਰਟੀ ਵਿਚ ਅਪਣੀ ਊਰਜਾ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ |     (ਏਜੰਸੀ)