ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ 44 ਬੇਜ਼ਮੀਨੇ ਪ੍ਰਵਾਰਾਂ ਨੂੰ ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ 44 ਬੇਜ਼ਮੀਨੇ ਪ੍ਰਵਾਰਾਂ ਨੂੰ ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ

image

132 ਮਰਲੇ ਜ਼ਮੀਨ ਦਾਨ ਕਰਨ ਵਾਲੇ ਸਰਪੰਚ ਅਮਰੀਕ ਸਿੰਘ ਦੀ ਕੀਤੀ ਸ਼ਲਾਘਾ

ਜੱਜਾਂ ਕਲਾਂ (ਫਿਲੌਰ), 19 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਪਿੰਡ ਜੱਜਾਂ ਕਲਾਂ ਵਿਖੇ ਪੰਜ ਲਾਭਪਾਤਰੀਆਂ ਨੂੰ ਰਜਿਸਟਰੇਸ਼ਨ ਦੇ ਕਾਗਜ਼ ਸੌਂਪ ਕੇ ਗਰੀਬ ਪਰਿਵਾਰਾਂ ਨੂੰ 44 ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ |
ਪਿੰਡ ਦੇ ਸਰਪੰਚ ਅਮਰੀਕ ਸਿੰਘ ਸਾਧੂ ਵਲੋਂ 132 ਮਰਲੇ ਜ਼ਮੀਨ ਦਾਨ ਕਰ ਕੇ ਇਸ ਨੇਕ ਕਾਰਜ ਦੀ ਸ਼ੁਰੂਆਤ ਕਰਨ ਦੀ ਸ਼ਲਾਘਾ ਕਰਦਿਆਂ ਸਪੀਕਰ ਨੇ ਕਿਹਾ ਕਿ ਇਸ ਉਪਰਾਲੇ ਸਦਕਾ ਇਨ੍ਹਾਂ 44 ਬੇਜ਼ਮੀਨੇ ਪਰਵਾਰਾਂ ਨੂੰ ਅਪਣੇ ਘਰ ਦਾ ਸੁਪਨਾ ਸਾਕਾਰ ਕਰਨ ਵਿਚ ਮਦਦ ਮਿਲੇਗੀ ਅਤੇ ਹਰੇਕ ਪਰਵਾਰ ਨੂੰ ਤਿੰਨ ਮਰਲੇ ਦਾ ਪਲਾਟ ਮਿਲੇਗਾ | ਉਨ੍ਹਾਂ ਕਿਹਾ ਕਿ ਇਹ ਕਦਮ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਵਿਚ ਯੋਗਦਾਨ ਪਾਉਣ ਲਈ ਹੋਰਨਾਂ ਨੂੰ ਉਤਸ਼ਾਹਤ ਕਰਨ ਵਿਚ ਵੀ ਮਦਦਗਾਰ ਸਾਬਤ ਹੋਵੇਗਾ | ਉਨ੍ਹਾਂ ਭਲਾਈ ਕਾਰਜਾਂ ਵਿਚ ਸ਼ਾਮਲ ਪ੍ਰਵਾਸੀ ਭਾਰਤੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ | ਸਪੀਕਰ ਨੇ ਸਰਕਾਰ ਵਲੋਂ ਇਸ ਨੇਕ ਕਾਰਜ ਵਿਚ ਪਿੰਡ ਦੀ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿਤਾ |
ਇਸ ਮੌਕੇ 'ਆਪ' ਆਗੂ ਪਿ੍ੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਸਰਕਾਰ ਦੀ ਰਿਹਾਇਸ਼ ਯੋਜਨਾ ਤਹਿਤ ਹਰੇਕ ਪਰਵਾਰ ਨੂੰ 1.50 ਲੱਖ ਰੁਪਏ ਦੇ ਫ਼ੰਡ ਮੁਹਈਆ ਕਰਵਾ ਕੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤਾਂ ਜੋ ਇਹ ਪਰਵਾਰ ਇਸ ਅਲਾਟ ਕੀਤੀ ਜ਼ਮੀਨ 'ਤੇ ਅਪਣੇ ਘਰ ਬਣਾ ਸਕਣ |
ਇਸ ਦੌਰਾਨ ਸਪੀਕਰ ਵਲੋਂ ਸਰਪੰਚ ਅਤੇ ਹੋਰ ਪਤਵੰਤਿਆਂ ਦੇ ਨਾਲ ਪੰਜ ਲਾਭਪਾਤਰੀਆਂ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸਵਿੱਤਰੀ, ਚਰਨਜੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਰਜਿਸਟਰੇਸ਼ਨ ਦੇ ਕਾਗਜ਼ ਸੌਂਪੇ ਗਏ |
ਇਸ ਮੌਕੇ ਪਿੰਡ ਦੀ ਪੰਚਾਇਤ ਦੇ ਵਫ਼ਦ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ, ਜਿਸ 'ਤੇ ਸੰਧਵਾਂ ਨੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ 'ਤੇ ਜਲਦੀ ਵਿਚਾਰ ਕਰਨ ਦਾ ਭਰੋਸਾ ਦਿਤਾ | ਇਸ ਮੌਕੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਐਸ.ਡੀ.ਐਮ ਫਿਲੌਰ ਅਮਰਿੰਦਰ ਸਿੰਘ ਮੱਲ੍ਹੀ, 'ਆਪ' ਆਗੂ ਪਿ੍ੰਸੀਪਲ ਪ੍ਰੇਮ ਕੁਮਾਰ, 'ਆਪ' ਦੇ ਬੁਲਾਰੇ ਅਹਿਬਾਬ ਸਿੰਘ ਗਰੇਵਾਲ, ਗੁਰਜੀਤ ਸਿੰਘ ਗਿੱਲ, ਜਲੰਧਰ ਲੋਕ ਸਭਾ ਇੰਚਾਰਜ 'ਆਪ' ਕੇਵਲ ਸਿੰਘ, ਅਸ਼ੋਕ ਸ਼ਰਮਾ, ਮਨੀ ਧਾਲੀਵਾਲ, ਮੰਗਲ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਗਾ ਮੌਜੂਦ ਸਨ |
Photo : •al_Sidhu_19_25 & 26