ਰਾਜਾ ਵੜਿੰਗ 22 ਅਪ੍ਰੈਲ ਨੂੰ ਰਸਮੀ ਤੌਰ ’ਤੇ ਪ੍ਰਧਾਨਗੀ ਸੰਭਾਲਣਗੇ
ਰਾਜਾ ਵੜਿੰਗ 22 ਅਪ੍ਰੈਲ ਨੂੰ ਰਸਮੀ ਤੌਰ ’ਤੇ ਪ੍ਰਧਾਨਗੀ ਸੰਭਾਲਣਗੇ
ਚੰਡੀਗੜ੍ਹ, 19 ਅਪ੍ਰੈਲ (ਜੀ.ਸੀ. ਭਾਰਦਵਾਜ): ਕਾਂਗਰਸ ਹਾਈ ਕਮਾਂਡ ਵਲੋਂ ਦਸ ਦਿਨ ਪਹਿਲਾਂ 9 ਅਪ੍ਰੈਲ ਨੂੰ ਬਤੌਰ ਪ੍ਰਦੇਸ਼ ਕਮੇਟੀ ਪ੍ਰਧਾਨ ਨਿਯੁਕਤ ਕੀਤੇ ਨੌਜਵਾਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਰਸਮੀ ਤੌਰ ਤੇ 22 ਅਪ੍ਰੈਲ ਨੂੰ ਸਵੇਰੇ 11 ਵਜੇ ਕਾਂਗਰਸ ਭਵਨ ਵਿਚ ਚਾਰਜ ਸੰਭਾਲਣਗੇ। ਬੇਹੱਦ ਸਾਦੇ ਸਮਾਗਮ ਲਈ ਉਸ ਦਿਨ ਵਾਸਤੇ ਸਾਬਕਾ ਪ੍ਰਧਾਨ, ਸਾਬਕਾ ਮੰਤਰੀਆਂ, ਮੌਜੂਦਾ ਤੇ ਸਾਬਕਾ ਵਿਧਾਇਕਾਂ ਸਮੇਤ ਜ਼ਿਲ੍ਹਾ ਪ੍ਰਧਾਨਾਂ ਨੂੰ ਡਿਜਟਲ ਕਾਰਡਾਂ ਰਾਹੀਂ ਸੱਦਾ ਪੱਤਰ ਭੇਜੇ ਜਾ ਰਹੇ ਹਨ। ਇਸ ਛੋਟੇ ਸਮਾਗਮ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮੌਜੂਦ ਕਾਂਗਰਸ ਕਾਂਗਰਸੀ ਵਰਕਰਾਂ ਨੂੰ ਇਸ ਭਖਦੀ ਗਰਮੀ ਵਿਚ ਦੁੱਖ ਨਹੀਂ ਦਿਤਾ ਜਾਵੇਗਾ ਅਤੇ ਫ਼ੋਨ ਰਾਹੀਂ ਜ਼ਿਲ੍ਹਿਆਂ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਨਵੇਂ ਕਾਂਗਰਸ ਪ੍ਰਧਾਨ ਖ਼ੁਦ ਉਨ੍ਹਾਂ ਦੇ ਮੁਕਾਮ ਤੇ ਜਾ ਕੇ ਮਿਲ ਕੇ ਸਮੱਸਿਆ ਦਾ ਹੱਲ ਕਢਿਆ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਵਲੋਂ ਸੀਨੀਅਰ ਕਾਂਗਰਸੀ ਨੇਤਾਵਾਂ, ਸਾਬਕਾ ਪ੍ਰਧਾਨਾਂ ਤੇ ਵਿਸ਼ੇਸ਼ ਤੌਰ ’ਤੇ ਵਰਕਿੰਗ ਪ੍ਰਧਾਨ ਤੇ ਨਿਯੁਕਤ ਕੀਤੇ ਪ੍ਰਧਾਨ ਨਾਲ ਕੀਤੀ ਗੱਲਬਾਤ ਤੇ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੌਜੂਦਾ ਵਿਰੋਧੀ ਧਿਰ ਬਣੀ ਕਾਂਗਰਸ ਦੇ ਵਿਧਾਇਕਾਂ ਤੇ ਸਪੈਸ਼ਲ ਤੌਰ ’ਤੇ ਅਹੁਦੇਦਾਰਾਂ ਸਿਰ ਵੱਡੀ ਜ਼ਿੰਮੇਵਾਰੀ ਪੈ ਗਈ ਹੈ ਜੋ ਕੇਵਲ ਇਕਮੁਠ ਹੋ ਕੇ ਅਤੇ ਦਿ੍ਰੜ ਇਰਾਦੇ ਨਾਲ ਹੀ ਸਰ ਕੀਤੀ ਜਾਵੇਗੀ। ਇਨ੍ਹਾਂ ਦੋਹਾਂ ਨੌਜਵਾਨ ਪ੍ਰਧਾਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਹੋਰ ਤਜਰਬੇਕਾਰ ਤੇ ਵੈਟਰਨ ਲੀਡਰਾਂ ਦੇ ਆਸ਼ੀਰਵਾਦ ਸਦਕਾ ਕਾਂਗਰਸ ਨੂੰ ਸੰਕਟ ਵਿਚੋਂ ਬਾਹਰ ਕਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਅੱਗੇ ਤਿੰਨ ਵੱਡੇ ਕੰਮ ਜਾਂ ਜ਼ਿੰਮੇਵਾਰੀਆਂ ਹਨ। ਪਹਿਲੀ ਲੋਕ ਸਭਾ ਸੰਗਰੂਰ ਸੀਟ ਤੇ ਉਪ ਚੋਣ ਵਿਚ ਤਕੜਾ ਮੁਕਾਬਲਾ ‘ਆਪ’ ਵਿਰੁਧ ਦੇਣਾ, ਦੂਜਾ ਦਸੰਬਰ ਵਿਚ ਚਾਰ ਮਿਉਂਸਪਲ ਕਾਰਪੋਰੇਸ਼ਨਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਦੀਆਂ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣਾ ਅਤੇ ਫਿਰ 2024 ਦੀਆਂ ਲੋਕ ਸਭਾ ਆਮ ਚੋਣਾਂ ਵਿਚ ਕੁਲ 13 ਸੀਟਾਂ ਵਿਚੋਂ ਮੌਜੂਦਾ ਅੱਠ ਸੀਟਾਂ ਤੇ ਮੁੜ ਕਾਂਗਰਸ ਦੀ ਝੋਲੀ ਵਿਚ ਪਾਉਣਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੋਂ ਉਲਟ ਜ਼ਿਆਦਾ ਬਿਆਨਬਾਜ਼ੀ ਨਾ ਕਰ ਕੇ ਕੇਵਲ ਪੁਖ਼ਤਾ ਕੰਮ ਕਰਨ ਵਿਚ ਵਿਸ਼ਵਾਸ ਰਖਦੇ ਹਨ ਅਤੇ ਟੁੱਟ ਕੇ ਗਏ ਤੇ ਰੁੱਸ ਕੇ ਗਏ ਕਾਂਗਰਸੀਆਂ ਨੂੰ ਫਿਰ ਜੋੜਨ ਲਈ ਵੱਡਿਆਂ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਪਿਆਰ ਬਟੋਰਨ ਵਿਚ ਪਿਛਲੇ 10 ਦਿਨਾਂ ਤੋਂ ਲੱਗੇ ਹੋਏ ਹਨ। ਪਿਛਲੇ ਸਾਲ 23 ਜੁਲਾਈ ਨੂੰ ਕਾਂਗਰਸ ਭਵਨ ਵਿਚ ਕੀਤੇ ਵੱਡੇ ਸਮਾਗਮ ਦੌਰਾਨ ਨਵਜੋਤ ਸਿੱਧੂ ਨੇ ਤਰ੍ਹਾਂ ਤਰ੍ਹਾਂ ਦੀ ਭਾਸ਼ਾ ਵਰਤ ਕੇ ਬੋਲ ਕੁਬੋਲ ਦਾ ਆਸਰਾ ਲੈ ਕੇ ਕਾਂਗਰਸ ਹਾਈਕਮਾਂਡ ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਆਸ ਬੰਦਾਅ ਦਿਤੀ ਸੀ ਕਿ ਪਾਰਟੀ ਫ਼ਰਵਰੀ ਚੋਣਾਂ ਵਿਚ ਦੁਬਾਰਾ ਸੱਤਾ ’ਚ ਆਏਗੀ। ਪਰ ਹੋਇਆ ਉਲਟ, ਗੱਦੀ ਤੂੰ ਲਾਹੇ ਗਏ ਕੈਪਟਨ ਨੇ ਪਾਰਟੀ ਛੱਡ ਕੇ ਨਵੀਂ ਸਿਆਸੀ ਜਥੇਬੰਦੀ ਬਣਾਈ, ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਸਿੱਧੂ ਨੇ ਇਹ ਵੀ ਕਿਹਾ ਸੀ 15 ਅਗੱਸਤ ਤੋਂ ਬਿਸਤਰਾ ਕਾਂਗਰਸ ਭਵਨ ਵਿਚ ਲੱਗੇਗਾ, ਦਿਨ ਰਾਤ ਕੰਮ ਕਰਾਂਗੇ। ‘ਡਬਲ ਬੈੱਡ’ ਕਮਰੇ ਵਿਚ ਸੈੱਟ ਵੀ ਹੋ ਗਿਆ ਪਰ ਇਕ ਰਾਤ ਨਹੀਂ ਉਸ ਉਤੇ ਸੁੱਤਾ। (ਫ਼ੋਟੋ ਨਾਲ ਨੱਥੀ ਹੈ)
ਇਸ ਤੋਂ ਉਲਟ ਰਾਜਾ ਵੜਿੰਗ ਦੀ ਸੋਚ ਹੈ ਕਿ ਸਿੰਗਲ ਚੇਅਰ ਤੇ ਘੰਟਿਆਂ ਬੱਧੀ ਬੈਠ ਕੇ ਕੰਮ ਕੀਤਾ ਜਾਏਗਾ. ਸ਼ਾਮ ਸਵੇਰੇ ਤੇ ਰਾਤ ਨੂੰ ਵਿਧਾਇਕਾਂ ਵਾਲੇ ਫਲੈਟ ਤੇ ਹੀ ਲੋਕਾਂ ਨਾਲ ਮੁਲਾਕਾਤ ਕੀਤੀ ਜਾਇਆ ਕਰੇਗੀ। ਦਸਣਾ ਬਣਦਾ ਹੈ ਕਿ 2012 ਵਿਚੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਨੇਤਾ ਮਨਪ੍ਰੀਤ ਬਾਦਲ ( ਹੁਣ ਕਾਂਗਰਸ ਵਿਚ) ਨੂੰ ਗਿੱਦੜਬਾਹਾ ਸੀਟ ਤੋਂ ਹਰਾਉਣ ਵਾਲੇ ਰਾਹੁਲ ਗਾਂਧੀ ਦੇ ਵਿਸ਼ਵਾਸ ਪਾਤਰ ਅਮਰਿੰਦਰ ਰਾਜਾ ਵੜਿੰਗ ਨੇ 2017 ਤੇ 2022 ਵਿਚ ਵੀ ਚੋਣ ਜਿੱਤੀ, ਟਰਾਂਸਪੋਰਟ ਮੰਤਰੀ ਵੀ ਰਹੇ ਅਤੇ ਉਨ੍ਹਾਂ ਦੇ ਸਾਥੀ ਵਰਕਿੰਗ ਪ੍ਰਧਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੋਵੇਂ ‘ਰਾਮ ਲਕਸ਼ਮਣ’ ਦੀ ਜੋੜੀ ਕਾਂਗਰਸ ਨੂੰ ਜ਼ਰੂਰ ਮੌਜੂਦਾ ਖ਼ਾਨਾ-ਜੰਗੀ ਦੇ ਸੰਕਟ ਵਿਚੋਂ ਕੱਢਣਗੇ ਅਤੇ ਸਾਦਗੀ, ਨਿਡਰਤਾ, ਇਮਾਨਦਾਰੀ ਤੇ ਲਗਨ ਨਾਲ ਮਿਹਨਤ ਕਰ ਕੇ ਮੁੜ ਸੱਤਾ ਵਿਚ ਲਿਆਉਣਗੇ। 22 ਅਪ੍ਰੈਲ ਦੇ ਇਸ ਸਾਦਾ ਚਾਰਜ ਸੰਭਾਲਣ ਸਮਾਗਮ ਮੌਕੇ ਕਿਸੇ ਹਾਈ ਕਮਾਂਡ ਦੇ ਨੇਤਾ ਨੂੰ ਸੱਦਾ ਪੱਤਰ ਭੇਜਣ ਬਾਰੇ ਅਜੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾ ਰਿਹਾ, ਪਰ ਪੰਜਾਬ ਇੰਚਾਰਜ ਹਰੀਸ਼ ਚੌਧਰੀ ਦੇ ਪਹੁੰਚਣ ਦੀ ਪੂਰੀ ਆਸ ਹੈ।
ਫ਼ੋਟੋ 1 : ਸਿੱਧੂ ਦਾ ਡਬਲ ਬੈੱਡ ਕਾਂਗਰਸ ਪ੍ਰਧਾਨ ਦੀ ਕੁਰਸੀ 2-ਅਮਰਿੰਦਰ ਰਾਜਾ ਵੜਿੰਗ