ਨੌਜਵਾਨ ਵੋਟਰਾਂ ਨੇ ‘ਆਪ’ ਦਾ ਤੂਫ਼ਾਨ ਕਾਮਯਾਬ ਕੀਤਾ : ਸਪੀਕਰ ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਵੋਟਰਾਂ ਨੇ ‘ਆਪ’ ਦਾ ਤੂਫ਼ਾਨ ਕਾਮਯਾਬ ਕੀਤਾ : ਸਪੀਕਰ ਸੰਧਵਾਂ

image

ਚੰਡੀਗੜ੍ਹ, 19 ਅਪ੍ਰੈਲ (ਜੀ.ਸੀ. ਭਾਰਦਵਾਜ) : ਮਹੀਨਾ ਪਹਿਲਾਂ 16ਵੀਂ ਵਿਧਾਨ ਸਭਾ ਦੇ ਨਵੇਂ ਬਣਾਏ ਗਏ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ 8ਵੀਂ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੇ ਗੁਹਾਟੀ ਸੈਸ਼ਨ ਦੌਰਾਨ ਦੇਸ਼ ਦੇ ਨੌਜਵਾਨਾਂ ਤੇ ਵਿਸ਼ੇਸ਼ ਕਰ ਕੇ ਪੰਜਾਬ ਦੇ ਯੂਥ ਵਲੋਂ ‘ਆਪ’ ਨੂੰ 80 ਫ਼ੀ ਸਦੀ ਯਾਨੀ ਤਿੰਨ ਚੁਥਾਈ ਤੋਂ ਵੀ ਵੱਧ ਬਹੁਮਤ ਦਿਵਾਉਣ ਵਿਚ ਸਫ਼ਲਤਾ ਵਾਸਤੇ ਧਨਵਾਦ ਕੀਤਾ ਅਤੇ ਨਾਲ ਦੀ ਨਾਲ ਸੁਚੇਤ ਵੀ ਕੀਤਾ ਕਿ ਜੇ ਨੌਜਵਾਨਾਂ ਦੀ ਸ਼ਕਤੀ ਨੂੰ ਠੀਕ ਪਾਸੇ ਨਾ ਵਰਤਿਆ ਤਾਂ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ।
ਦੋ ਦਿਨ ਪਹਿਲਾਂ ਗੁਹਾਟੀ ਵਿਚ ਖ਼ਤਮ ਹੋਏ 4 ਦਿਨਾਂ ਕਾਮਨਵੈਲਥ ਪਾਰਲੀਮੈਂਟਰੀ ਸੈਸ਼ਨ ਵਿਚ ਭਾਸ਼ਣ ਦਿੰਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਵਲੋਂ ਪਾਏ ਯੋਗਦਾਨ ਦੇ ਨਾਲ ਨਾਲ 11 ਉਮੀਦਵਾਰਾਂ ਦੀ ਕਾਮਯਾਬੀ ਵਿਚ ਇਨ੍ਹਾਂ ਸ਼ਕਤੀਸ਼ਾਲੀ ਯੂਥ ਵਿਚ ਖ਼ੁਦ ਦੀ ਅਗਾਂਹਵਧੂ ਸੋਚ ਅਤੇ 35 ਸਾਲ ਤੋਂ ਘੱਟ ਉਮਰ ਦੇ ਇਨ੍ਹਾਂ ਵਿਧਾਇਕਾਂ ਦਾ ਪੰਜਾਬ ਦੇ ਲੋਕਾਂ ਲਈ ਸੇਵਾ ਭਾਵਨਾ ਤੇ ਨਿਸ਼ਕਾਮ ਸੇਵਾ ਦੀ ਵੀ ਝਲਕ ਪੈਂਦੀ ਹੈ। ਅਪਣੇ ਅੱਧੇ ਘੰਟੇ ਦੀ ਅੰਗਰੇਜ਼ੀ ਵਿਚ ਦਿਤੇ ਭਾਸ਼ਣ ਵਿਚ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਪਹਿਲਾਂ ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਦਾ ਡੱਟ ਕੇ ਸ਼ਾਂਤਮਈ ਵਿਰੋਧ ਕੀਤਾ, ਕੇਂਦਰ ਨੂੰ ਇਹ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ, ਉਤੋਂ ਸਾਰੇ ਦੇਸ਼ ਵਾਸਤੇ ਵੱਡੀ ਉਦਾਹਰਣ ਬਣੇ ਅਤੇ ਮਹੀਨਾ ਪਹਿਲਾਂ ‘ਆਪ’ ਦੀ ਸਰਕਾਰ ਬਣਾ ਕੇ ਸੱਚੇ ਅਰਥਾਂ ਵਿਚ ਇਨਕਲਾਬ ਲਿਆਂਦਾ।
ਜ਼ਿਕਰਯੋਗ ਹੈ ਕਿ 35 ਸਾਲ ਤੋਂ ਘੱਟ ਉਮਰ ਦੇ ਚੁਣੇ ਗਏ 11 ਵਿਧਾਇਕਾਂ ਵਿਚ ਸੱਭ ਤੋਂ ਛੋਟੀ ਉਮਰ 27 ਸਾਲ ਦੀ ਲੜਕੀ ਨਰਿੰਦਰ ਕੌਰ ਭਾਰਜ, ਸੰਗਰੂਰ ਹਲਕੇ ਤੋਂ ਸ਼ਾਮਲ ਹੈ। ਸ. ਸੰਧਵਾਂ ਨੇ ਰੂਸ ਯੂਕਰੇਨ ਯੁੱਧ ਵਿਚ ਯੂਕਰੇਨ ਦੇ ਨੌਜਵਾਨਾਂ ਵਲੋਂ ਪਾਏ ਨਿਵੇਕਲੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਗੁਹਾਟੀ ਕਾਨਫ਼ਰੰਸ ਵਿਚ ਕਿਹਾ ਕਿ ਪੰਜਾਬ ਦਾ ਯੂਥ ਵੀ ਵੱਧ ਚੜ੍ਹ ਕੇ ਸਰਕਾਰੀ ਸੇਵਾਵਾਂ, ਕੰਪਨੀਆਂ ਤੇ ਹੋਰ ਅਦਾਰਿਆਂ ਵਿਚ ਅਪਣੇ ਕੌਸ਼ਲ ਅਤੇ ਤਕਨੀਕੀ ਸਿਖਿਆ ਰਾਹੀਂ ਵੱਡਾ ਯੋਗਦਾਨ ਪਾ ਰਿਹਾ ਹੈ। ਯੂਥ ਸ਼ਕਤੀ ਨੂੰ ਦੋ ਧਾਰੀ ਤਲਵਾਰ ਆਖਦੇ ਹੋਏ ਸ. ਸੰਧਵਾਂ ਨੇ ਦੇਸ਼ ਦੇ 30 ਰਾਜਾਂ ਤੇ ਕੇਂਦਰ ਪ੍ਰਸ਼ਾਸਤ ਇਲਾਕਿਆਂ ਤੋਂ ਆਏ ਸਪੀਕਰਾਂ, ਡਿਪਟੀ ਸਪੀਕਰਾਂ ਤੇ ਚੇਅਰਮੈਨ ਨੂੰ ਸੰਬੋਧਨ ਵਿਚ ਤਾੜਨਾ ਕੀਤੀ ਕਿ ਨੌਜਵਾਨ ਲੜਕੇ ਲੜਕੀਆਂ ਵਾਸਤੇ ਸਰਕਾਰੀ ਤੇ ਗ਼ੈਰ ਸਰਕਾਰੀ ਸਕੀਮਾਂ ਤਿਆਰ ਕਰਨ ਸਮੇਂ ਅਤੇ ਵਿਸ਼ੇਸ਼ ਕਰ ਕੇ 1988 ਵਿਚ ਲਾਗੂ ਕੀਤੀ ਨੈਸ਼ਨਲ ਯੂਥ ਨੀਤੀ ਵਿਚ ਅੱਜ ਦੀਆਂ ਲੋੜ ਅਨੁਸਾਰ ਲੋੜੀਂਦੀ ਤਬਦੀਲੀ ਕੀਤੀ ਜਾਵੇ। 
ਗੁਹਾਟੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਗਏ ਸ. ਸੰਧਵਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਨੇ ਵੀ ਬਣਦਾ ਯੋਗਦਾਨ ਪਾਇਆ। ਵਿਧਾਨ ਸਭਾ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਅੰਤਰਰਾਸ਼ਟਰੀ ਪੱਧਰ ਦੀ ਸੰਪੂਰਨ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਕਾਨਫ਼ਰੰਸ, ਕੈਨੇਡਾ ਦੇ ਹੈਲੀਫੈਕਸ ਵਿਚ ਆਉਂਦੇ ਅਗੱਸਤ ਵਿਚ 20 ਤੋਂ 26 ਤਰੀਕ ਤਕ ਹੋਵੇਗੀ। ਅੰਤਰਰਾਸ਼ਟਰੀ ਕਾਨਫ਼ਰੰਸ ਹਰ 2 ਸਾਲ ਬਾਅਦ ਹੁੰਦੀ ਹੈ ਜਦੋਂ ਕਿ ਇੰਡੀਆ ਰਿਜ਼ਨ ਦੀ ਰਾਜਾਂ ਦੇ ਸਪੀਕਰ ਦੀ ਕਾਨਫ਼ਰੰਸ ਹਰ ਸਾਲ ਵੱਖੋ ਵੱਖ ਸੂਬਿਆਂ ਦੀ ਰਾਜਧਾਨੀ ਵਿਚ ਹੋਇਆ ਕਰਦੀ ਹੈ। 
ਸਪੀਕਰ ਨੇ ਅਪਣੇ ਗੁਹਾਟੀ ਦੌਰੇ ਦੌਰਾਨ ਉਥੇ ਸਥਿਤ ਦੋ ਗੁਰਦਵਾਰਿਆਂ ਵਿਚ ਵੀ ਮੱਥਾ ਟੇਕਿਆ ਅਤੇ ਇਨ੍ਹਾਂ ਇਤਿਹਾਸਕ ਧਾਰਮਕ ਸਥਾਨਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।