ਭਾਰਤੀ ਵਿਗਿਆਨੀ ਵਿਕਸਤ ਕਰਨਗੇ ਨਵੀਂ ਸੈਮੀਕੰਡਕਟਰ ਸਮੱਗਰੀ, ਵਿਸਥਾਰਤ ਪ੍ਰਾਜੈਕਟ ਰੀਪੋਰਟ ਸੌਂਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਵਿਗਿਆਨੀਆਂ ਦੀ ਟੀਮ ਨੇ ਸਰਕਾਰ ਨੂੰ ਬਹੁਤ ਮਹੀਨ ਚਿਪਸ ਵਿਕਸਤ ਕਰਨ ਦਾ ਪ੍ਰਸਤਾਵ ਸੌਂਪਿਆ

Indian scientists to develop new semiconductor materials, submit detailed project report

ਨਵੀਂ ਦਿੱਲੀ : ਭਾਰਤ ਦੇ ਪ੍ਰਮੁੱਖ ਇੰਸਟੀਚਿਊਟ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐਸ.ਸੀ.) ਦੇ 30 ਵਿਗਿਆਨੀਆਂ ਦੀ ਟੀਮ ਨੇ ਸਰਕਾਰ ਨੂੰ ਬਹੁਤ ਮਹੀਨ ਚਿਪਸ ਵਿਕਸਤ ਕਰਨ ਦਾ ਪ੍ਰਸਤਾਵ ਸੌਂਪਿਆ ਹੈ।

ਟੀਮ ਨੇ ‘2ਡੀ ਮਟੀਰੀਅਲ’ ਨਾਮਕ ਸੈਮੀਕੰਡਕਟਰ ਸਮੱਗਰੀ ਦੀ ਇਕ ਨਵੀਂ ਸ਼੍ਰੇਣੀ ਦੀ ਵਰਤੋਂ ਕਰਦਿਆਂ ਤਕਨਾਲੋਜੀਆਂ ਵਿਕਸਤ ਕਰਨ ਲਈ ਸਰਕਾਰ ਨੂੰ ਪ੍ਰਸਤਾਵ ਸੌਂਪਿਆ ਹੈ ਜੋ ਚਿਪ ਦੇ ਆਕਾਰ ਨੂੰ ਮੌਜੂਦਾ ਸਮੇਂ ਵਿਸ਼ਵ ਵਿਆਪੀ ਉਤਪਾਦਨ ’ਚ ਸੱਭ ਤੋਂ ਛੋਟੀਆਂ ਚਿਪਾਂ ਦੇ ਦਸਵੇਂ ਹਿੱਸੇ ਤਕ ਛੋਟਾ ਕਰ ਸਕਦਾ ਹੈ ਅਤੇ ਸੈਮੀਕੰਡਕਟਰਾਂ ’ਚ ਭਾਰਤ ਦੀ ਅਗਵਾਈ ਨੂੰ ਵਿਕਸਤ ਕਰ ਸਕਦਾ ਹੈ।

ਵਰਤਮਾਨ ’ਚ, ਸੈਮੀਕੰਡਕਟਰ ਨਿਰਮਾਣ ’ਚ ਅਮਰੀਕਾ, ਜਾਪਾਨ, ਦਖਣੀ ਕੋਰੀਆ ਅਤੇ ਤਾਈਵਾਨ ਵਰਗੇ ਉੱਨਤ ਦੇਸ਼ਾਂ ਦੀ ਅਗਵਾਈ ’ਚ ਸਿਲੀਕਾਨ-ਅਧਾਰਤ ਤਕਨਾਲੋਜੀਆਂ ਦਾ ਦਬਦਬਾ ਹੈ। ਆਈ.ਆਈ.ਐਸ.ਸੀ. ਦੇ ਵਿਗਿਆਨੀਆਂ ਦੀ ਇਕ ਟੀਮ ਨੇ ਅਪ੍ਰੈਲ 2022 ’ਚ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀ.ਐਸ.ਏ.) ਨੂੰ ਇਕ ਵਿਸਥਾਰਤ ਪ੍ਰਾਜੈਕਟ ਰੀਪੋਰਟ (ਡੀ.ਪੀ.ਆਰ.) ਸੌਂਪੀ ਸੀ ਜਿਸ ਨੂੰ ਸੋਧਿਆ ਗਿਆ ਸੀ ਅਤੇ ਅਕਤੂਬਰ 2024 ’ਚ ਦੁਬਾਰਾ ਸੌਂਪਿਆ ਗਿਆ। ਰੀਪੋਰਟ ਨੂੰ ਬਾਅਦ ’ਚ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨਾਲ ਸਾਂਝਾ ਕੀਤਾ ਗਿਆ ਸੀ। ਇਸ ਪ੍ਰਸਤਾਵ ਦੀ ਜਾਣਕਾਰੀ ਰੱਖਣ ਵਾਲੇ ਸਰਕਾਰ ਦੇ ਇਕ ਸੂਤਰ ਨੇ ਦਸਿਆ ਕਿ ਇਸ ਪ੍ਰਾਜੈਕਟ ’ਚ ‘ਐਂਗਸਟਰੋਮ ਆਕਾਰੀ’ ਚਿਪਾਂ ਵਿਕਸਿਤ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜੋ ਉਤਪਾਦਨ ’ਚ ਸੱਭ ਤੋਂ ਛੋਟੀ ਚਿਪਸ ਨਾਲੋਂ ਕਿਤੇ ਜ਼ਿਆਦਾ ਛੋਟੀਆਂ ਹਨ।

ਡੀ.ਪੀ.ਆਰ. ’ਚ ਗ੍ਰੈਫੀਨ ਅਤੇ ਟ੍ਰਾਂਜ਼ਿਸ਼ਨ ਮੈਟਲ ਡਾਈਕਲਕੋਜੇਨਾਈਡਸ (ਟੀ.ਐਮ.ਡੀ.) ਵਰਗੀਆਂ ਬਹੁਤ ਜ਼ਿਆਦਾ-ਪਤਲੀ ਸਮੱਗਰੀਆਂ ਦੀ ਵਰਤੋਂ ਕਰ ਕੇ 2ਡੀ ਸੈਮੀਕੰਡਕਟਰਾਂ ਦੇ ਵਿਕਾਸ ਦਾ ਪ੍ਰਸਤਾਵ ਹੈ। ਇਹ ਸਮੱਗਰੀ ਐਂਗਸਟਰੋਮ ਆਕਾਰੀ ’ਤੇ ਚਿਪ ਨਿਰਮਾਣ ਨੂੰ ਸਮਰੱਥ ਕਰ ਸਕਦੀ ਹੈ ਜੋ ਮੌਜੂਦਾ ਨੈਨੋਮੀਟਰ-ਸਕੇਲ ਤਕਨਾਲੋਜੀਆਂ ਨਾਲੋਂ ਕਾਫ਼ੀ ਛੋਟੀ ਹੈ। ਇਸ ਸਮੇਂ ਉਤਪਾਦਨ ’ਚ ਸੱਭ ਤੋਂ ਛੋਟੀ ਚਿਪ ਸੈਮਸੰਗ ਅਤੇ ਮੀਡੀਆਟੈਕ ਵਰਗੀਆਂ ਕੰਪਨੀਆਂ ਵਲੋਂ ਨਿਰਮਿਤ 3-ਨੈਨੋਮੀਟਰ ਨੋਡ ਹੈ।

2ਡੀ ਸਮੱਗਰੀ ਪ੍ਰਾਜੈਕਟ ਦਾ ਇਕ ਸੰਖੇਪ ਸਾਰ - ਜਿਸ ਦਾ ਉਦੇਸ਼ ਸਿਲੀਕਾਨ ਨੂੰ ਬਦਲਣਾ ਹੈ, ਪੀ.ਐਸ.ਏ. ਦੇ ਦਫਤਰ ਦੀ ਵੈਬਸਾਈਟ ਤੇ ਉਪਲਬਧ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪ੍ਰਸਤਾਵ ’ਤੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।

ਭਾਰਤ ਇਸ ਸਮੇਂ ਸੈਮੀਕੰਡਕਟਰ ਨਿਰਮਾਣ ਲਈ ਵਿਦੇਸ਼ੀ ਕੰਪਨੀਆਂ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ- ਇਕ ਅਜਿਹੀ ਤਕਨਾਲੋਜੀ ਜੋ ਆਰਥਕ ਅਤੇ ਕੌਮੀ ਸੁਰੱਖਿਆ ਦੋਹਾਂ ਨਜ਼ਰੀਏ ਤੋਂ ਰਣਨੀਤਕ ਹੈ।