'ਆਪ' ਨੇ ਬਿਜਲੀ ਦੇ ਬਿਲਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
'ਆਪ' ਨੇ ਬਿਜਲੀ ਦੇ ਬਿਲਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਲਾਲੜੂ, 19 ਮਈ (ਰਵਿੰਦਰ ਵੈਸਨਵ) : ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬਿਲਾਂ ਦੀ ਮੰਗ ਨੂੰ ਲੈ ਕੇ ਹੰਡੇਸਰਾ ਵਿਖੇ ਹੱਥਾਂ ਚ ਪੋਸਟਰ ਫੜ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਸਮਾਜਿਕ ਦੂਰੀ ਦਾ ਵੀ ਪੂਰਾ ਖਿਆਲ ਰੱਖਿਆ ਗਿਆ।
ਇਸ ਮੌਕੇ ਪੰਜਾਬ ਸਰਕਾਰ ਤੋਂ ਬਿਜਲੀ ਦੇ ਬਿਲ ਮੁਆਫ ਕਰਨ ਦੀ ਮੰਗ ਕਰਦਿਆਂ ਆਪ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਲੌਕਡਾਊਨ ਅਤੇ ਕਰਫਿਊ ਦੇ ਸਮੇਂ ਦੇ ਬਿਜਲੀ ਦੇ ਬਿਲ ਲੋਕਾਂ ਤੇ ਵਾਧੂ ਬੋਝ ਹਨ, ਕਿਉਂਕਿ ਇਸ ਸਮੇਂ ਦੌਰਾਨ ਲੋਕਾਂ ਦੇ ਕਾਰੋਬਾਰ ਬਿਲਕੁਲ ਬੰਦ ਰਹੇ ਹਨ।
ਉਨ੍ਹਾਂ ਕਿਹਾ ਕਿ ਕਰਫ਼ਿਊ ਅਤੇ ਲੋਕਡਾਊਨ ਦੌਰਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਵਿੱਚ 125 ਲੱਖ ਟਨ ਕਣਕ ਦੀ ਵਾਢੀ ਨੂੰ ਸਿਰੇ ਚਾੜ੍ਹ ਕੇ ਪੰਜਾਬੀਆਂ ਨੇ ਇਹ ਦਿਖਾ ਦਿੱਤਾ ਹੈ ਕਿ ਪੰਜਾਬੀ ਅਜੋਕੇ ਸੰਕਟ ਸਮੇਂ ਵੀ ਸਰਕਾਰ ਦੀ ਕਸੋਟੀ ਤੇ ਖ਼ਰੇ ਉਤਰ ਰਹੇ ਹਨ, ਜਦਕਿ ਪੰਜਾਬ ਸਰਕਾਰ ਸੂਬੇ ਦੇ ਆਮ ਲੋਕਾਂ ਦੀ ਕਸੋਟੀ ਤੇ ਖ਼ਰੀ ਨਹੀਂ ਉਤਰ ਰਹੀ ਹੈ।
ਇਸੇ ਦੌਰਾਨ ਹੰਡੇਸਰਾ ਵਿਖੇ ਆਪ ਆਗੂਆਂ ਤੇ ਵਰਕਾਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਵੀ ਹੱਥਾਂ ਵਿੱਚ ਪੋਸਟਰ ਫੜ੍ਹ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਰਾਸ਼ਨ ਵੰਡ ਪ੍ਰਣਾਲੀ ਵਿਚ ਸੁਧਾਰ ਕਰਨ, ਪਿੰਡਾਂ ਦੀ ਸਾਫ਼ ਸਫ਼ਾਈ ਵੱਲ ਧਿਆਨ ਦੇਣ ਅਤੇ ਪੀਣ ਦੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ।
ਇਸ ਮੌਕੇ ਗੁਲਾਬ ਸਿੰਘ ਪਹਿਲਵਾਨ, ਜੰਗ ਸਿੰਘ, ਫਤਿਹ ਸਿੰਘ ਰਾਣਾ ਨੰਗਲਾ, ਜਗਮਾਲ ਰਾਣਾ ਨੰਗਲਾ, ਗੇਜਾ ਨੰਬਰਦਾਰ, ਜਰਨੈਲ ਸਿੰਘ, ਭਾਗ ਸਿੰਘ, ਪਰਮਿੰਦਰ ਸਿੰਘ, ਪ੍ਰੇਮ ਸਿੰਘ ਸਾਰੰਗਪੁਰ, ਬ੍ਰਿਕਰਮ ਪਹਿਲਵਾਨ, ਹਰਨੇਕ ਸਿੰਘ ਜੌਲਾ, ਰਾਮਪਾਲ ਅਤੇ ਅਜੇ ਕੁਮਾਰ ਆਦਿ ਵੀ ਹਾਜ਼ਰ ਸਨ।