ਕੋਰੋਨਾ ਮਹਾਂਮਾਰੀ ਸਮੇਂ ਲੋੜਵੰਦ ਪਰਵਾਰਾਂ ਨੂੰ ਬੁੱਢਾ ਦਲ ਨੇ ਵੰਡੀਆਂ ਰਾਸ਼ਨ ਕਿੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਮਹਾਂਮਾਰੀ ਸਮੇਂ ਲੋੜਵੰਦ ਪਰਵਾਰਾਂ ਨੂੰ ਬੁੱਢਾ ਦਲ ਨੇ ਵੰਡੀਆਂ ਰਾਸ਼ਨ ਕਿੱਟਾਂ

1


ਪਟਿਆਲਾ, 20 ਮਈ (ਤੇਜਿੰਦਰ ਫ਼ਤਿਹਪੁਰ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਬੁੱਢਾ ਦਲ ਦੀਆਂ ਪੁਰਾਤਨ ਰਵਾਇਤਾਂ ਦੀ ਅਮੀਰੀ  ਨੂੰ ਸੁਰਜੀਤ ਰਖਦਿਆਂ, ਮੌਜੂਦਾ ਸਮੇਂ ਵਿਚ ਚਲ ਰਹੀ ਮਹਾਂਮਾਰੀ ਦੌਰਾਨ ਪੰਜਾਬ, ਹਰਿਆਣਾ ਦੇ ਵੱਖ-ਵੱਖ ਖੇਤਰਾਂ ਵਿਚ ਲੋੜਵੰਦ ਪਰਵਾਰਾਂ ਨੂੰ ਲਗਾਤਾਰ ਰਸੋਈ ਘਰ ਅਤੇ ਘਰੇਲੂ ਵਰਤੋਂ ਦਾ ਸਮਾਨ ਵੰਡਣ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ।


ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦਸਿਆ ਹੈ ਕਿ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਤੇ ਦਿਸ਼ਾ-ਨਿਰਦੇਸ਼ਾਂ ਹੇਠ ਬੁੱਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਆਪ ਘਰ ਘਰ ਜਾ ਕੇ ਲੋੜਵੰਦ ਪਰਵਾਰਾਂ ਤਕ ਪਹੁੰਚ ਕੀਤੀ ਜਾ ਰਹੀ ਹੈ।


ਉਨ੍ਹਾਂ ਦਸਿਆ ਕਿ ਗੁਰਦੁਆਰਾ ਬਾਬਾ ਬੰਬਾ ਸਿੰਘ ਬਗੀਚੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਅੱਜ 50 ਲੋੜਵੰਦ ਪਰਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਸੇਵਾ ਕੀਤੀ ਗਈ ਹੈ। ਇਸੇ ਤਰ੍ਹਾਂ ਇਤਿਹਾਸਕ ਨਗਰ ਸਮਾਣਾ ਦੇ ਬੁੱਢਾ ਦਲ ਪਬਲਿਕ ਸਕੂਲ ਵਿਖੇ 150 ਪਰਵਾਰਾਂ ਨੂੰ ਰਸੋਈ ਅਤੇ ਘਰੇਲੂ ਵਰਤੋਂ ਦਾ ਸਮਾਨ ਕਿੱਟਾਂ ਤਕਸੀਮ ਕੀਤੀਆਂ ਹਨ, ਸਾਰਾ ਸਮਾਨ ਵੰਡਣ ਦੀ ਸੇਵਾ ਬੁੱਢਾ ਦਲ ਦੇ ਨਿਹੰਗ ਸਿੰਘ ਬਾਬਾ ਕਰਮ ਸਿੰਘ, ਬਾਬਾ ਤਾਰਾ ਸਿੰਘ, ਬਾਬਾ ਬਹਾਦਰ ਸਿੰਘ, ਬਾਬਾ ਸੁੱਖਦੇਵ ਸਿੰਘ ਸੁੱਖਾ, ਬਾਬਾ ਰਣਜੋਧ ਸਿੰਘ, ਬਾਬਾ ਭੁਪਿੰਦਰ ਸਿੰਘ ਆਦਿ ਨਿਭਾ ਰਹੇ ਹਨ। ਉਨ੍ਹਾਂ ਹੋਰ ਦਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ, ਮੋਗਾ, ਬਠਿੰਡਾ, ਬਰਨਾਲਾ, ਸੰਗਰੂਰ ਆਦਿ ਥਾਵਾਂ ਤੇ ਇਹ ਸੇਵਾ ਨਿਭਾਈ ਜਾ ਰਹੀ ਹੈ।