Amphan : ਤੇਜ਼ ਹਵਾ ਅਤੇ ਭਾਰੀ ਮੀਂਹ ਨਾਲ ਅੱਜ ਆ ਸਕਦੈ ਤੂਫ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾ-ਚੱਕਰਵਾਤ ‘ਅੱਫ਼ਾਨ’ ਦੇ ਬੁਧਵਾਰ ਨੂੰ ਪਛਮੀ ਬੰਗਾਲ ਦੇ ਸਮੁੰਦਰੀ ਕੰਢੇ ’ਤੇ ਟਕਰਾਉਣ ਦੀ ਪੂਰੀ ਸੰਭਾਵਨਾ ਹੈ।

Photo

ਨਵੀਂ ਦਿੱਲੀ: ਮਹਾ-ਚੱਕਰਵਾਤ ‘ਅੱਫ਼ਾਨ’ ਦੇ ਬੁਧਵਾਰ ਨੂੰ ਪਛਮੀ ਬੰਗਾਲ ਦੇ ਸਮੁੰਦਰੀ ਕੰਢੇ ’ਤੇ ਟਕਰਾਉਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ 155 ਤੋਂ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ।

ਸਰਕਾਰੀ ਬਿਆਨ ਮੁਤਾਬਕ ਕੈਬਨਿਕ ਸਕੱਤਰ ਰਾਜੀਵ ਗੌਬਾ ਦੀ ਅਗਵਾਈ ਵਾਲੀ ਕੌਮੀ ਸੰਕਟ ਪ੍ਰਬੰਧ ਕਮੇਟੀ ਦੀ ਮੰਗਲਵਾਰ ਨੂੰ ਹੋਈ ਸਮੀਖਿਆ ਬੈਠਕ ਵਿਚ ਇਹ ਜਾਣਕਾਰੀ ਦਿਤੀ ਗਈ। ਬੈਠਕ ਵਿਚ ਚੱਕਰਵਾਤੀ ਤੂਫ਼ਾਨ ਨਾਲ ਸਿੱਝਣ ਵਿਚ ਰਾਜ, ਕੇਂਦਰੀ ਮੰਤਰਾਲਿਆਂ ਅਤੇ ਏਜੰਸੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। 

ਮੌਸਮ ਵਿਭਾਗ ਨੇ ਦਸਿਆ ਕਿ ਤੂਫ਼ਾਨ ਦੇ 20 ਮਈ ਦੁਪਹਿਰ ਜਾਂ ਸ਼ਾਮ ਸਮੇਂ ਪਛਮੀ ਬੰਗਾਲ ਦੇ ਸਮੁੰਦਰੀ ਕੰਢੇ ਨਾਲ ਟਕਰਾਉਣ ਦੀ ਸੰਭਾਵਨਾ ਹੈ। ਵਿਭਾਗ ਨੇ ਦਸਿਆ ਕਿ ਰਾਜ ਦੇ ਤੱਟਵਰਤੀ ਜ਼ਿਲਿ੍ਹਆਂ ਵਿਚ ਭਾਰੀ ਮੀਂਹ ਪਵੇਗਾ ਅਤੇ ਸਮੁੰਦਰ ਵਿਚ ਚਾਰ ਪੰਜ ਮੀਟਰ ਉਚੀਆਂ ਲਹਿਰਾਂ ਉਠਣਗੀਆਂ। ਇਸ ਤੂਫ਼ਾਨ ਨਾਲ ਪੂਰਬੀ ਮੇਦਨੀਪੁਰ, ਦਖਣੀ ਅਤੇ ਉੱਤਰ 24 ਪਰਗਨਾ, ਹਾਵੜਾ, ਹੁਗਲੀ ਅਤੇ ਕੋਲਕਾਤਾ  ਜ਼ਿਲਿ੍ਹਆਂ ਦੇ ਕਾਫ਼ੀ ਪ੍ਰਭਾਵਤ ਹੋਣ ਦਾ ਖ਼ਦਸ਼ਾ ਹੈ।

ਕਿਹਾ ਗਿਆ ਹੈ ਕਿ ਪਹਿਲਾਂ ਆਏ ਤੂਫ਼ਾਨ ‘ਬੁਲਬੁਲ’ ਨਾਲ ਹੋਈ ਭਾਰਤੀ ਤਬਾਹੀ ਤੋਂ ਵੀ ਕਿਤੇ ਜ਼ਿਆਦਾ ਤਬਾਹੀ ਹੋਣ ਦਾ ਖ਼ਦਸ਼ਾ ਹੈ। ਬੁਲਬੁਲ ਤੂਫ਼ਾਨ 2019 ਦੇ ਨਵੰਬਰ ਮਹੀਨੇ ਵਿਚ ਆਇਆ ਸੀ। ਉਧਰ, ਬੰਗਾਲ ਵਿਚ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਸੁਰੱÎਖਿਅਤ ਥਾਵਾਂ ’ਤੇ ਪਹੁੰਚਾ ਦਿਤਾ ਗਿਆ ਹੈ। ਇਹ ਲੋਕ ਉਨ੍ਹਾਂ ਥਾਵਾਂ ਦੇ ਵਾਸੀ ਹਨ ਜਿਥੇ ਤੂਫ਼ਾਨ ਤਬਾਹੀ ਮਚਾ ਸਕਦਾ ਹੈ।

ਉੜੀਸਾ ਦੇ ਮੁੱਖ ਸਕੱਤਰ ਅਤੇ ਪਛਮੀ ਬੰਗਾਲ ਦੇ ਵਧੀਕ ਮੁੱਖ ਸਕੱਤਰ ਨੇ ਐਨਸੀਐਮਡੀ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਮੁਢਲੇ ਉਪਾਵਾਂ ਤੋਂ ਜਾਣੂੰ ਕਰਾਇਆ। ਉਨ੍ਹਾਂ ਦਸਿਆ ਕਿ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਕਢਿਆ ਜਾ ਰਿਹਾ ਹੈ। ਬਿਜਲੀ ਅਤੇ ਟੈਲੀਕਾਮ ਸੇਵਾਵਾਂ ਦੀ ਸੰਭਾਲ ਅਤੇ ਬਹਾਲੀ ਲਈ ਸਬੰਧਤ ਟੀਮਾਂ ਵੀ ਤੈਨਾਤ ਕੀਤੀਆਂ ਗਈਆਂ ਹਨ। ਜ਼ਰੂਰੀ ਚੀਜ਼ਾਂ ਜਿਵੇਂ ਭੋਜਨ, ਪੀਣ ਵਾਲਾ ਪਾਣੀ, ਦਵਾਈਆਂ ਆਦਿ ਦੀ ਲੋੜੀਂਦੀ ਮਾਤਰਾ ਰੱਖਣ ਲਈ ਆਖਿਆ ਗਿਆ ਹੈ।