ਬੱਚਾ ਨਾ ਹੋਣ ’ਤੇ ਪਤੀ ਵਲੋਂ ਪਤਨੀ ਦੀ ਗਲਾ ਘੋਟ ਕੇ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ, ਸੱਸ, ਸਹੁਰਾ ਤੇ ਦਾਦੀ ਸੱਸ ਦੇ ਵਿਰੁਦ ਮੁਕੱਦਮਾ ਦਰਜ

File Photo

ਦੇਵੀਗੜ੍ਹ, 19 ਮਈ (ਅਮਨਦੀਪ ਸਿੰਘ) : ਇਥੋਂ ਨੇੜਲੇ  ਪਿੰਡ ਬਰਕਤਪੁਰ ਵਿਚ ਇਕ ਵਿਆਹੁਤਾ ਔਰਤ ਦੀ ਉਸ ਦੇ ਪਤੀ ਵਲੋਂ ਤਿੰਨ ਸਾਲ ਬੀਤ ਜਾਣ ਉਤੇ ਵੀ ਬੱਚਾ ਪੈਦਾ ਨਾ ਹੋਣ ਉਤੇ ਗਲਾ ਘੋਟ ਕੇ ਜਾਨੋ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉਤੇ ਡੀ.ਐਸ.ਪੀ. ਦਿਹਾਤੀ ਅਜੇਪਾਲ ਸਿੰਘ, ਕਾਰਜਕਾਰੀ ਐਸ.ਐਚ.ਓ.  ਸਬ ਇੰਸਪੈਕਟਰ ਸੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁਰਾਦਮਾਜਰਾ ਦੀ ਪਿੰਕੀ ਰਾਣੀ ਪੁੱਤਰੀ ਗੁਰਦੇਵ ਸਿੰਘ ਦਾ ਤਿੰਨ ਸਾਲ ਪਹਿਲਾਂ ਪਿੰਡ ਬਰਕਤਪੁਰ ਦੇ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਨਾਲ ਵਿਆਹ ਹੋਇਆ ਸੀ ਪਰ ਪਿੰਕੀ ਰਾਣੀ ਦੇ ਪਰਵਾਰ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰਾ ਪਰਵਾਰ ਉਸ ਨੂੰ ਦਹੇਜ ਅਤੇ ਬੱਚਾ ਨਾ ਪੈਦਾ ਕਰਨ ਕਰ ਕੇ ਤੰਗ ਪ੍ਰੇਸ਼ਾਨ ਕਰਦੇ ਸਨ ਪਰ ਜਦੋਂ ਲੜਕੀ ਦੇ ਮਾਪਿਆਂ ਨੂੰ ਉਸ ਦੇ ਮਾਰੇ ਜਾਣ ਬਾਰੇ ਪਤਾ ਲੱਗਾ ਤਾਂ ਉਹ ਪਿੰਡ ਬਰਕਤਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜਾ ਵੇਖਿਆ ਤਾਂ ਉਨ੍ਹਾਂ ਦੀ ਲੜਕੀ ਮਰੀ ਹੋਈ ਸੀ ਅਤੇ ਉਸ ਦੇ ਗਲੇ ਉਤੇ ਸੋਜ਼ ਦੇ ਨਿਸ਼ਾਨ ਸਨ। ਜਿਸ ਉਤੇ ਉਨ੍ਹਾਂ ਨੇ ਥਾਣਾ ਜੁਲਕਾ ਦੀ ਪੁਲਿਸ ਨੂੰ ਸੁਚਨਾ ਦੇ ਕੇ ਬੁਲਾ ਲਿਆ। 

ਇਸ ਦੌਰਾਨ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿਤਾ ਅਤੇ ਲੜਕੀ ਦੇ ਭਰਾ ਵਿਜੇ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਮੁਰਾਦਮਾਜਰਾ ਦੇ ਬਿਆਨਾ ਦੇ ਅਧਾਰ ਉਤੇ ਮ੍ਰਿਤਕਾ ਪਿੰਕੀ ਰਾਣੀ ਦੇ ਪਤੀ ਚਰਨਜੀਤ ਸਿੰਘ, ਸੱਸ ਫੂਲ ਕੋਰ ਪਤਨੀ ਤਰਸੇਮ ਸਿੰਘ,  ਸਹੁਰਾ  ਤਰਸੇਮ ਸਿੰਘ ਪੁੱਤਰ ਜਰਨੈਲ ਸਿੰਘ ਤੇ ਦਾਦੀ ਸੱਸ ਚੰਬੀ ਦੇਵੀ ਪਤਨੀ ਜਰਨੈਲ ਸਿੰਘ ਦੇ ਵਿਰੁਧ ਧਾਰਾ 304-ਬੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।