ਅਮੇਠੀ ਤੇ ਬੇਗੂਸਰਾਏ ਨੂੰ ਗਈਆਂ ਦੋ ਰੇਲਾਂ, 2682 ਯਾਤਰੀ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਰਾਸ਼ਟਰ, ਕੇਰਲਾ ਤੇ ਤਾਮਿਲਨਾਡੂ ਦੇ ਵਸਨੀਕਾਂ ਨੂੰ ਵੀ ਭੇਜਿਆ : ਕੁਮਾਰ ਅਮਿਤ

ਅਮੇਠੀ ਤੇ ਬੇਗੂਸਰਾਏ ਨੂੰ ਗਈਆਂ ਦੋ ਰੇਲਾਂ, 2682 ਯਾਤਰੀ ਰਵਾਨਾ

ਪਟਿਆਲਾ, 19 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕੀਤੇ ਗਏ ਵਿਸ਼ੇਸ਼ ਉਪਰਾਲੇ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਰੇਲਵੇ ਸਟੇਸ਼ਨ ਤੋਂ ਦੋ ਰੇਲਾਂ ਰਵਾਨਾ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਯੂ.ਪੀ. ਦੇ ਅਮੇਠੀ ਨੂੰ ਅਤੇ ਦੂਸਰੀ ਬਿਹਾਰ ਦੇ ਬੇਗੂਸਰਾਏ ਨੂੰ ਭੇਜੀ ਗਈ।

ਇਨ੍ਹਾਂ ਵਿੱਚ 2682 ਯਾਤਰੀ ਸਵਾਰ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸੰਕਟ ਦੀ ਘੜੀ ਉਨ੍ਹਾਂ ਦੀ ਕੀਤੀ ਗਈ ਇਸ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਤੋਂ ਅੱਜ ਤੱਕ 16 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਯੂ.ਪੀ., ਬਿਹਾਰ ਤੇ ਮੱਧਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਦੇ ਵਸਨੀਕਾਂ ਅਤੇ ਪਟਿਆਲਾ ਜ਼ਿਲ੍ਹੇ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮੇਠੀ ਨੂੰ ਰਵਾਨਾ ਹੋਈ ਰੇਲ ਵਿੱਚ 1392 ਅਤੇ ਬੇਗੂਸਰਾਏ ਨੂੰ ਗਈ ਰੇਲ ਗੱਡੀ ਵਿੱਚ 1290 ਯਾਤਰੀ ਸਵਾਰ ਸਨ।

ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਮਹਾਂਰਾਸ਼ਟਰ ਦੇ 14, ਕੇਰਲਾ ਤੇ ਤਾਮਿਲਨਾਡੂ ਦੇ 10-10 ਵਸਨੀਕਾਂ ਨੂੰ ਵੀ ਅੰਮ੍ਰਿਤਸਰ ਅਤੇ ਜਲੰਧਰ ਤੋਂ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਮੁਫ਼ਤ ਖਾਣਾ, ਪਾਣੀ ਅਤੇ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।