ਬਟਾਲਾ ਪੁਲਿਸ ਦੀ ਵੱਡੀ ਕਾਮਯਾਬੀ, ਚਾਰ ਗੱਡੀਆਂ, ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਣੇ ਛੇ ਨੌਜਵਾਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਕਾਬੂ ਕੀਤੇ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Batala Police Arrest 6 Youth

ਗੁਰਦਾਸਪੁਰ (ਨਿਤਿਨ ਲੂਥਰਾ): ਬਟਾਲਾ ਪੁਲਿਸ ਦੇ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਟੀਮ ਨੇ ਛਾਪੇਮਾਰੀ ਦੌਰਾਨ ਛੇ ਨੌਜਵਾਨਾਂ ਕੋਲੋਂ ਚਾਰ ਗੱਡੀਆਂ ਸਮੇਤ ਚੰਡੀਗੜ੍ਹ ਮਾਰਕਾ (150 ਪੇਟੀ) 1800 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 516 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਕਾਬੂ ਕੀਤੇ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੀਡੀਆ ਨਾਲ ਗੱਲ ਕਰਦਿਆਂ ਬਟਾਲਾ ਪੁਲਿਸ ਦੇ ਡੀਐਸਪੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਖ਼ੂਫੀਆ ਜਾਣਕਾਰੀ ਮਿਲਣ ’ਤੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਛੇ ਨੌਜਵਾਨਾਂ ਨੂੰ ਚਾਰ ਗੱਡੀਆਂ ਅਤੇ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਵਿਚੋਂ 4 ਨੌਜਵਾਨਾਂ ਕੋਲੋਂ 516 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਖੁਦ ਵੀ ਹੈਰੋਇਨ ਦਾ ਸੇਵਨ ਕਰਦੇ ਸੀ।

ਨੌਜਵਾਨਾਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨਸ਼ਾ ਤਸਕਰ ਕੋਲੋਂ ਹੈਰੋਇਨ ਲਿਆ ਕੇ ਬਟਾਲਾ ਦੇ ਆਸ-ਪਾਸ ਵੇਚਣ ਦਾ ਕੰਮ ਕਰਨ ਕਰਦੇ ਹਨ।ਇਕ ਹੋਰ ਕੇਸ ਵਿਚ ਦੋ ਨੌਜਵਾਨਾਂ ਕੋਲੋ 150 ਪੇਟੀ (ਲਗਭਗ 1800 ਬੋਤਲ) ਨਾਜਾਇਜ਼ ਸ਼ਰਾਬ ਜੋ ਕੇ ਚੰਡੀਗੜ੍ਹ ਮਾਰਕਾ ਹੈ ਬਰਾਮਦ ਕੀਤੀ ਗਈ। ਇਹ ਨੌਜਵਾਨ ਚੰਡੀਗੜ੍ਹ ਤੋਂ ਨਾਜਾਇਜ਼ ਸਸਤੀ ਸ਼ਰਾਬ ਲਿਆ ਕੇ ਬਟਾਲਾ ਦੇ ਆਸ ਪਾਸ ਵੇਚਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਹੋਰ ਜਾਂਚ ਕਰਨ ’ਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।