ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਦੇ ਮੁੜ ਪਸਾਰ ਕਾਰਨ ਪਾਬੰਦੀਆਂ ਲਗਾਈਆਂ

ਏਜੰਸੀ

ਖ਼ਬਰਾਂ, ਪੰਜਾਬ

ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਦੇ ਮੁੜ ਪਸਾਰ ਕਾਰਨ ਪਾਬੰਦੀਆਂ ਲਗਾਈਆਂ

image

ਤਾਇਪੇ, 19 ਮਈ : ਪੂਰੇ ਏਸ਼ੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵੱਧ ਰਹੇ ਹਨ | ਏਸ਼ੀਆ ਦੇ ਅਜਿਹੇ ਕਈ ਦੇਸ਼ਾਂ ਵਿਚ ਲਾਗ ਮੁੜ ਤੋਂ ਵੱਧ ਗਈ ਹੈ ਜਿੱਥੇ ਇਹ ਪਹਿਲਾਂ ਕਾਬੂ ਵਿਚ ਲੱਗ ਰਹੀ ਸੀ | ਇਨ੍ਹਾਂ ਦੇਸ਼ਾਂ ਵਿਚ ਸਕੂਲ ਬੰਦ ਕਰ ਦਿਤੇ ਗਏ ਹਨ, ਹੋਟਲ ਅਤੇ ਰੈਸਤਰਾਂ ਸੇਵਾਵਾਂ ਵੀ ਬੰਦ ਕਰ ਦਿਤੀਆਂ ਗਈਆਂ ਹਨ, ਟੈਕਸੀ ਡਰਾਈਵਰਾਂ ਨੂੰ  ਗਾਹਕ ਨਹੀਂ ਮਿਲ ਰਹੇ ਹਨ, ਵਿਆਹ ਅਚਾਨਕ ਰੱਦ ਕਰ ਦਿਤੇ ਗਏ ਹਨ | ਘੱਟ ਆਬਾਦੀ ਵਾਲੇ ਮੰਗੋਲੀਆ ਵਿਚ ਮਰਨ ਵਾਲਿਆਂ ਦੀ ਗਿਣਤੀ 15 ਤੋਂ ਵੱਧ ਕੇ 233 ਤਕ ਹੋ ਗਈ ਹੈ ਜਦਕਿ ਤਾਇਵਾਨ ਵਿਚ ਪਿਛਲੇ ਹਫ਼ਤੇ 1000 ਤੋਂ ਵਧ ਮਾਮਲੇ ਸਾਹਮਣੇ ਆ ਚੁਕੇ ਹਨ ਅਤੇ 6 ਲੱਖ ਤੋਂ ਵੱਧ ਲੋਕਾਂ ਨੂੰ  ਦੋ ਹਫ਼ਤੇ ਦੇ ਮੈਡੀਕਲ ਆਈਸੋਲੇਸ਼ਨ ਵਿਚ ਰਖਿਆ ਗਿਆ ਹੈ |
  ਤਾਇਵਾਨ ਨੇ ਇਸ ਤੋਂ ਪਹਿਲਾਂ ਵਾਇਰਸ ਨੂੰ  ਸਫ਼ਲਤਾ ਨਾਲ ਕਾਬੂ ਕਰ ਲਿਆ ਸੀ | ਹਾਂਗਕਾਂਗ ਅਤੇ ਸਿੰਗਾਪੁਰ ਨੇ ਦੂਜੀ ਵਾਰ ਕੁਆਰੰਟੀਨ ਮੁਕਤ ਯਾਤਰਾ ਰੱਦ ਕਰ ਦਿਤੀ ਹੈ | ਚੀਨ ਵਿਚ ਸਥਾਨਕ ਲਾਗ ਦੇ ਮਾਮਲੇ ਖ਼ਤਮ ਹੋ ਚੁਕੇ ਹਨ ਪਰ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਭਾਰਤ ਅਤੇ ਯੂਰਪ ਦੇ ਕੁਝ ਹਿਸਿਆਂ ਵਿਚ ਲਾਗ ਵੱਡੇ ਪੱਧਰ 'ਤੇ ਫੈਲ ਰਹੀ ਹੈ, ਮਾਸਕ ਲਗਾਉਣ ਦੇ ਸਖ਼ਤ 
ਆਦੇਸ਼, ਮਾਮਲਿਆਂ ਦਾ ਤੇਜ਼ੀ ਨਾਲ ਪਤਾ ਲਗਾਉਣਾ, ਵੱਡੇ ਪੱਧਰ 'ਤੇ ਜਾਂਚ ਅਤੇ ਵਿਆਪਕ ਟੀਕਾਕਰਨ ਦੇ ਬਾਵਜੂਦ ਲਾਗ ਦਾ ਪ੍ਰਸਾਰ ਖ਼ਤਰਨਾਕ ਪੱਧਰ 'ਤੇ ਹੋ ਰਿਹਾ ਹੈ | ਕਈ ਦੇਸ਼ਾਂ ਵਿਚ ਸਮਾਜਕ ਅਤੇ ਆਰਥਕ ਜੀਵਨ ਨੂੰ  ਮੁੜ ਤੋਂ ਸਧਾਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਵਿਸ਼ੇਸ਼ ਤੌਰ 'ਤੇ ਸਕੂਲਾਂ ਅਤੇ ਪ੍ਰਾਹੁਣਚਾਰੀ ਉਦਯੋਗ ਖੇਤਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | 
  ਮਲੇਸ਼ੀਆ ਵਿਚ ਮਾਮਲਿਆਂ ਵਿਚ ਤੇਜ਼ ਵਾਧੇ ਦੇ ਵਿਚਕਾਰ 7 ਜੂਨ ਤਕ ਇਕ ਮਹੀਨੇ ਦੀ ਤਾਲਾਬੰਦੀ ਲਗਾਈ ਗਈ ਹੈ | ਚੀਨ ਨੇ ਲਿਯਾਓਨਿੰਗ ਸੂਬੇ ਵਿਚ ਟੋਲ ਬੂਥਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਚੌਕੀਆਂ ਸਥਾਪਤ ਕੀਤੀਆਂ ਹਨ, ਜਿਥੇ ਮੰਗਲਵਾਰ ਨੂੰ  ਚਾਰ ਹੋਰ ਮਾਮਲੇ ਸਾਹਮਣੇ ਆਏ | ਥਾਈਲੈਂਡ ਵਿਚ ਮੰਗਲਵਾਰ ਨੂੰ  ਲਾਗ ਨਾਲ 35 ਮੌਤਾਂ ਹੋਈਆਂ, ਜੋ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੋਂ ਸਭ ਤੋਂ ਵੱਧ ਹਨ |  (ਪੀਟੀਆਈ)