ਅਜੀਬੋ-ਗਰੀਬ! ਡਾਕਟਰ ਨੇ ਗਰਭਵਤੀ ਦੇ ਢਿੱਡ 'ਤੇ ਬੈਠ ਕੀਤੀ ਡਿਲਵਰੀ, ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀੜਤਾ ਮਮਤਾ ਅਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਅਟਾਰੀ ਜ਼ਿਲ੍ਹਾ ਫਿਰੋਜ਼ਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ

Gurpreet Singh

ਫ਼ਰੀਦਕੋਟ (ਗੁਰਪ੍ਰੀਤ ਸਿੰਘ ਔਲਖ) : ਫ਼ਰੀਦਕੋਟ ਵਿਖੇ ਇਕ ਅਜੀਬੋ ਗਰੀਬ ਮਾਮਲਾ ਦੇਖਣ ਨੂੰ ਮਿਲਿਆ ਹੈ। ਦਰਅਸਲ ਇਕ ਗਰਭਵਤੀ ਮਹਿਲਾ ਦਾ ਪ੍ਰਸੂਤਾ ਕੇਸ ਕਰਨ ਲਈ ਡਾਕਟਰ ਨੇ ਉਸ ਦੇ ਢਿੱਡ ਦੇ ਉੱਪਰ ਬੈਠ ਕੇ ਡਿਲਵਰੀ ਕਰ ਦਿੱਤੀ। ਕੇਸ ਬੇਹੱਦ ਜ਼ਿਆਦਾ ਵਿਗੜਨ ’ਤੇ ਪੀੜਤਾ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ। ਜਦੋਂ ਇਸ ਸਬੰਧੀ ਪੀੜਤਾ ਦੇ ਪਤੀ ਨੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਸ ਨੂੰ ਹੀ ਪਰਚਾ ਕਰਨ ਦਾ ਡਰਾਵਾ ਦਿੱਤਾ ਗਿਆ।

ਇਸ ਸਬੰਧੀ ਪੀੜਤਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਅਟਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਸੀ। ਜਦੋਂ ਪ੍ਰਸੂਤਾ ਪੀੜਾਂ ਉੱਠੀਆਂ ਤਾਂ ਉਹ ਆਪਣੀ ਪਤਨੀ ਨੂੰ ਨਰਸ ਰਾਜਿੰਦਰ ਕੌਰ ਸੇਖਾਂ ਵਾਲੀ ਬਸਤੀ ਜ਼ਿਲ੍ਹਾ ਫਿਰੋਜ਼ਪੁਰ ਕੋਲ ਲੈ ਗਿਆ, ਜਿੱਥੇ ਕੇਸ ਕਰਨ ਵਾਲੇ ਡਾਕਟਰ ਨੇ ਉਸ ਦੀ ਪਤਨੀ ਦੇ ਢਿੱਡ ਉਪਰ ਬੈਠ ਕੇ ਡਿਲਿਵਰੀ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਇਕ ਵਾਰ ਤਾਂ ਬੱਚਾ ਢਿੱਡ ’ਚੋਂ ਬਾਹਰ ਆ ਗਿਆ ਪਰ ਜਿਵੇਂ ਹੀ ਡਾਕਟਰ ਢਿੱਡ ਤੋਂ ਉੱਠਿਆ ਤਾਂ ਬੱਚਾ ਦੁਬਾਰਾ ਢਿੱਡ ਅੰਦਰ ਚਲਾ ਗਿਆ ਅਤੇ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਉਸ ਦੀ ਪਤਨੀ ਦੀ ਹਾਲਤ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ। ਉਸ ਨੇ ਦੱਸਿਆ ਕਿ ਅਜਿਹਾ ਦੇਖ ਕੇ ਡਾਕਟਰ ਉਥੋਂ ਮੌਕੇ ਤੋਂ ਹੀ ਫ਼ਰਾਰ ਹੋ ਗਿਆ ਅਤੇ ਉਨ੍ਹਾਂ ਨੂੰ ਇਹ ਕਹਿ ਦਿੱਤਾ ਕਿ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਜਾਂ ਫਿਰ ਫਰੀਦਕੋਟ ਲੈ ਜਾਣ। ਉਸ ਨੇ ਇਹ ਵੀ ਕਿਹਾ ਕਿ ਨਰਸ ਰਾਜਿੰਦਰ ਕੌਰ ਨੇ ਉਨ੍ਹਾਂ ਕੋਲੋਂ ਪੰਦਰਾਂ ਹਜ਼ਾਰ ਰੁਪਏ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਤਾਂ ਉੱਥੋਂ ਦੇ ਮੁਨਸ਼ੀ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਦਰਖ਼ਾਸਤ ਲਿਖ ਕੇ ਆਪਣੇ ਕੋਲ ਰੱਖ ਲਈ ਅਤੇ ਉਲਟਾ ਉਸ ਉੱਪਰ ਹੀ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਉਸ ਨੂੰ ਉੱਥੋਂ ਭਜਾ ਦਿੱਤਾ।

ਪੀੜਤਾ ਮਮਤਾ ਅਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਅਟਾਰੀ ਜ਼ਿਲ੍ਹਾ ਫਿਰੋਜ਼ਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ /ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋਂ ਇਸ ਮਾਮਲੇ ਨਾਲ ਸਬੰਧਿਤ ਨਰਸ ਰਾਮਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਬਾਰੇ ਕੁੱਝ ਵੀ ਪਤਾ ਨਹੀਂ ਅਤੇ ਉਨ੍ਹਾਂ ਨੇ ਹੋਰ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।