ਐਸਆਈਟੀ ਨੇ ਕਰਵਾਈ ਬੇਅਦਬੀ ਕਾਂਡ ਮਾਮਲੇ ’ਚ ਸ਼ਾਮਲ 6 ਡੇਰਾ ਪ੍ਰੇਮੀਆਂ ਤੋਂ ਨਿਸ਼ਾਨਦੇਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਪੇ੍ਰਮੀਆਂ ਦੇ ਵਾਰਸਾਂ ਦਾ ਉਕਤ ਬਿਆਨ ਅੱਜ ਹਿੰਦੀ ਤੇ ਪੰਜਾਬੀ ਅਖ਼ਬਾਰਾਂ ਵਿਚ ਸੁਰਖੀਆਂ ਬਣਿਆ ਹੋਇਆ ਹੈ। 

SIT

ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਗਿ੍ਰਫ਼ਤਾਰ ਕੀਤੇ 6 ਡੇਰਾ ਪੇ੍ਰਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਥਾਵਾਂ ਅਰਥਾਤ ਘਟਨਾ ਸਥਾਨ ’ਤੇ ਲਿਜਾ ਕੇ ਨਿਸ਼ਾਨਦੇਹੀ ਕਰਵਾਈ। ‘ਸਿੱਟ’ ਦੀ ਟੀਮ ਦੀ ਹਾਜ਼ਰੀ ਵਿਚ ਸੰਨੀ ਕੰਡਾ ਪੁੱਤਰ ਹਰਜੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ, ਰਣਜੀਤ ਸਿੰਘ ਭੋਲਾ ਪੁੱਤਰ ਮੇਹਰ ਸਿੰਘ ਅਤੇ ਪ੍ਰਦੀਪ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀਆਨ ਕੋਟਕਪੂਰਾ ਸਮੇਤ ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸਿੱਖਾਂਵਾਲਾ ਅਤੇ ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਡੱਗੋਰੋਮਾਣਾ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ, ਬੱਸ ਅੱਡਾ ਬਰਗਾੜੀ, ਬੱਸ ਅੱਡਾ ਪਿੰਡ ਢਿੱਲਵਾਂ ਕਲਾਂ, ਪਿੰਡ ਬਾਹਮਣਵਾਲਾ ਨੇੜਿਉਂ ਲੰਘਦਾ ਸੂਆ ਅਤੇ ਸੰਧਵਾਂ ਦੇ ਰਾਧਾ ਸੁਆਮੀ ਡੇਰੇ ਦੇ ਨੇੜੇ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ। 

ਜ਼ਿਕਰਯੋਗ ਹੈ ਕਿ ਉਕਤ ਡੇਰਾ ਪੇ੍ਰਮੀਆਂ ਦੇ ਪਰਵਾਰਕ ਮੈਂਬਰਾਂ ਨੇ ਬੀਤੇ ਕਲ ਫ਼ਰੀਦਕੋਟ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਟੀ.ਵੀ. ਚੈਨਲਾਂ ਦੇ ਕੈਮਰਿਆਂ ਸਾਹਮਣੇ ਦਾਅਵਾ ਕੀਤਾ ਸੀ ਕਿ ਜੇਕਰ ਉਕਤ ਡੇਰਾ ਪੇ੍ਰਮੀ ਦੋਸ਼ੀ ਸਾਬਤ ਹੋਏ ਤਾਂ ਉਹ ਅਪਣਾ ਸਿਰ ਕਲਮ ਕਰਵਾ ਦੇਣਗੇ। ਡੇਰਾ ਪੇ੍ਰਮੀਆਂ ਦੇ ਵਾਰਸਾਂ ਦਾ ਉਕਤ ਬਿਆਨ ਅੱਜ ਹਿੰਦੀ ਤੇ ਪੰਜਾਬੀ ਅਖ਼ਬਾਰਾਂ ਵਿਚ ਸੁਰਖੀਆਂ ਬਣਿਆ ਹੋਇਆ ਹੈ। 

ਐਸਆਈਟੀ ਦੇ ਪ੍ਰਮੁੱਖ ਮੈਂਬਰਾਂ ਏਆਈਜੀ ਰਜਿੰਦਰ ਸਿੰਘ ਸੋਹਲ, ਡੀਐੱਸਪੀ ਲਖਵੀਰ ਸਿੰਘ, ਇੰਸ. ਦਲਬੀਰ ਸਿੰਘ ਸਿੱਧੂ, ਇੰਸ. ਹਰਬੰਸ ਸਿੰਘ, ਇੰਸ. ਇਕਬਾਲ ਹੁਸੈਨ, ਸਬ ਇੰਸ. ਰਜੇਸ਼ ਕਿੰਗਰ, ਸਬ ਇੰਸ. ਹਰਪ੍ਰੀਤ ਸਿੰਘ, ਐੱਸ.ਆਈ. ਹਰਪ੍ਰੇਮ ਸਿੰਘ ਦੀ ਹਾਜਰੀ ਵਿੱਚ ਡੇਰਾ ਪੇ੍ਰਮੀਆਂ ਨੇ ਮੰਨਿਆ ਕਿ ਸੰਨੀ ਕੰਡਾ, ਰਣਜੀਤ ਸਿੰਘ ਭੋਲਾ, ਸ਼ਕਤੀ ਸਿੰਘ, ਨਿਸ਼ਾਨ ਸਿੰਘ ਅਤੇ ਬਲਜੀਤ ਸਿੰਘ ਕਾਰ ਰਾਹੀਂ ਪਾਵਨ ਸਰੂਪ ਪਿੰਡ ਢਿੱਲਵਾਂ ਕਲਾਂ ਵਿਖੇ ਲੈ ਕੇ ਆਏ, ਜਿਥੇ ਸੰਨੀ ਕੰਡਾ ਨੇ ‘ਬਲੇਡ’ ਨਾਲ ਕੱੁਝ ਪੰਨੇ ਪਾੜ ਲਏ।

ਸੰਨੀ ਤੇ ਸ਼ਕਤੀ ਰਾਤ ਸਮੇਂ ਉਕਤ ਪੰਨੇ ਬਰਗਾੜੀ ਗੁਰਦਵਾਰਾ ਸਾਹਿਬ ਦੇ ਨੇੜੇ ਅਤੇ ਬੱਸ ਅੱਡੇ ’ਤੇ ਖਿਲਾਰ ਕੇ ਵਾਪਸ ਆ ਗਏ ਤੇ ਉਨ੍ਹਾਂ ਕੱੁਝ ਪੰਨੇ ਪ੍ਰਦੀਪ ਕੁਮਾਰ ਉਰਫ਼ ਰਾਜੂ ਦੋਧੀ ਨੂੰ ਪਿੰਡ ਹਰੀਨੌ ਵਿਖੇ ਖਿਲਾਰਨ ਲਈ ਦੇ ਦਿਤੇ। ਰਾਜੂ ਦੋਧੀ ਨੇ ਡਰ ਜਾਣ ਕਾਰਨ ਉਕਤ ਪੰਨੇ ਪਿੰਡ ਬਾਹਮਣ ਵਾਲਾ ਨੇੜਿਉਂ ਲੰਘਦੇ ਸੂਏ ਵਿਚ ਰੋੜ ਦਿਤੇ। ਡੇਰਾ ਪੇ੍ਰਮੀਆਂ ਮੁਤਾਬਕ ਬਾਕੀ ਬਚਦੇ ਪੰਨੇ ਅਤੇ ਜਿਲਦ ਮਹਿੰਦਰਪਾਲ ਬਿੱਟੂ ਲੈ ਗਿਆ। ਇਸ ਸਬੰਧੀ ਐਸਆਈਟੀ ਦੇ ਮੈਂਬਰਾਂ ਵਲੋਂ ਅਜੇ ਹੋਰ ਜਾਂਚ ਜਾਰੀ ਹੈ।