ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ

image


ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ  ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਕੁਇੰਟਲ 500 ਰੁਪਏ ਦੇ ਮੁਆਵਜ਼ੇ ਦੀ ਮੰਗ ਰੱਖੀ

ਚੰਡੀਗੜ੍ਹ, 19 ਮਈ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਘੱਟੋ-ਘੱਟ ਸਮਰਥਨ ਮੁੱਲ ਉਤੇ ਬਾਸਮਤੀ ਦੀ ਖ਼ਰੀਦ ਕਰਨ ਲਈ ਨੋਟੀਫ਼ੀਕੇਸ਼ਨ ਜਾਰੀ ਕਰਨ 'ਤੇ ਜ਼ੋਰ ਪਾਇਆ |
ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ  ਦਸਿਆ ਕਿ ਕਿਸਾਨਾਂ ਨੂੰ  ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕਢਣਾ ਸਮੇਂ ਦੀ ਲੋੜ ਹੈ | ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਸੂਬੇ ਵਿਚ ਬਹੁਮੁੱਲੇ ਕੁਦਰਤੀ ਸਰੋਤ-ਪਾਣੀ ਨੂੰ  ਬਚਾਉਣ ਵਿਚ ਬਹੁਤ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ  ਵੀ ਹੁਲਾਰਾ ਮਿਲੇਗਾ |
ਮੁੱਖ ਮੰਤਰੀ ਨੇ ਸੂਬੇ ਵਿਚ ਕਣਕ ਦਾ ਝਾੜ ਘੱਟ ਨਿਕਲਣ ਦੇ ਇਵਜ਼ ਵਿਚ ਕਿਸਾਨਾਂ ਨੂੰ  ਪ੍ਰਤੀ ਕੁਇੰਟਲ 500 ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਸੀਜ਼ਨ ਦੌਰਾਨ ਤਪਸ਼ ਵਧਣ ਕਰ ਕੇ ਪੰਜਾਬ ਵਿਚ ਕਣਕ ਦੇ ਦਾਣਿਆਂ ਨੂੰ  ਨੁਕਸਾਨ ਪੁੱਜਾ ਹੈ ਅਤੇ ਇਸ ਲਈ ਕਿਸਾਨਾਂ ਨੂੰ  ਘੱਟ ਝਾੜ ਲਈ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇ ਕੇ ਇਸ ਦੀ ਭਰਪਾਈ ਕੀਤੀ ਜਾਵੇ | ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਸਾਡੇ ਦੇਸ਼ ਨੂੰ  ਅਨਾਜ ਉਤਪਾਦਨ ਵਿਚ ਆਤਮ-ਨਿਰਭਰ ਬਣਾਉਣ 'ਚ ਵੱਡਾ ਯੋਗਦਾਨ ਪਾਇਆ ਹੈ ਅਤੇ ਹੁਣ ਕੇਂਦਰ ਸਰਕਾਰ ਨੂੰ  ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਨੂੰ  ਬਾਹਰ ਕਢਣਾ ਚਾਹੀਦਾ ਹੈ |
ਇਕ ਹੋਰ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਅਮਿਤ ਸਾਹ ਨੂੰ  ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਵਿਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਨਾਲ ਸਬੰਧਤ ਹੁਕਮ ਰੱਦ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਇਹ ਪੱਖਪਾਤੀ ਕਦਮ ਹੈ ਜਿਸ ਨੇ ਹਰ ਪੰਜਾਬੀ ਦੀ
 ਮਾਨਸਿਕਤਾ ਨੂੰ  ਠੇਸ ਪਹੁੰਚਾਈ ਹੈ | ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ  ਸੂਬੇ ਦੇ ਸੰਘੀ ਢਾਂਚੇ ਨੂੰ  ਢਾਹ ਲਾਉਣ ਕਰਨ ਵਾਲੇ ਇਸ ਪਿਛਾਂਹਖਿੱਚੂ ਕਦਮ ਨੂੰ  ਵਾਪਸ ਲੈਣਾ ਚਾਹੀਦਾ ਹੈ |
ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ  ਘੱਟੋ-ਘੱਟ ਸਮਰਥਨ ਮੁੱਲ 'ਤੇ ਬਾਸਮਤੀ ਦੀ ਖਰੀਦ ਲਈ ਨੋਟੀਫ਼ੀਕੇਸ਼ਨ ਜਾਰੀ ਕਰਨ ਲਈ ਵੀ ਕਿਹਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ  ਕਣਕ-ਝੋਨੇ ਦੇ ਚੱਕਰ ਵਿੱਚੋਂ ਕੱਢਣਾ ਸਮੇਂ ਦੀ ਲੋੜ ਹੈ, ਜਿਸ ਲਈ ਬਾਸਮਤੀ ਨੂੰ  ਉਤਸ਼ਾਹਿਤ ਕਰਨਾ ਜਰੂਰੀ ਹੈ | ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਪਾਣੀ ਦੇ ਰੂਪ ਵਿੱਚ ਕੀਮਤੀ ਸਰੋਤ ਨੂੰ  ਬਚਾਉਣ ਵਿੱਚ ਮਦਦ ਮਿਲੇਗੀ |
ਸੂਬੇ ਦੀ ਅਮਨ ਸ਼ਾਂਤੀ ਨੂੰ  ਭੰਗ ਕਰਨ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਵਿਚ ਨੀਮ ਫ਼ੌਜੀ ਬਲਾਂ ਦੀਆਂ 10 ਵਾਧੂ ਟੁਕੜੀਆਂ ਦੀ ਮੰਗ ਕੀਤੀ | ਇਸ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਮੰਤਰੀ ਨੇ ਸੂਬੇ ਵਿੱਚ ਨੀਮ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਤੁਰੰਤ ਅਲਾਟ ਕੀਤੀਆਂ | ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ  ਭਰੋਸਾ ਦਿਵਾਇਆ ਕਿ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦੀ ਰਾਖੀ ਲਈ ਪੰਜਾਬ ਅਹਿਮ ਭੂਮਿਕਾ ਨਿਭਾਏਗਾ |
ਮੁੱਖ ਮੰਤਰੀ ਨੇ ਡਰੋਨ ਰਾਹੀਂ ਸਰਹੱਦ ਪਾਰੋਂ ਵਧ ਰਹੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ 'ਤੇ ਵੀ ਡੂੰਘੀ ਫ਼ਿਕਰਮੰਦੀ ਜ਼ਾਹਰ ਕੀਤੀ ਅਤੇ ਅਮਿਤ ਸ਼ਾਹ ਨੂੰ  ਅਜਿਹੀਆਂ ਕੋਸ਼ਿਸ਼ਾਂ ਨੂੰ  ਨਾਕਾਮ ਕਰਨ ਲਈ ਸੂਬੇ ਨੂੰ  ਤੁਰਤ ਐਂਟੀ ਡਰੋਨ ਤਕਨੀਕ ਮੁਹਈਆ ਕਰਵਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸੱਭ ਤੋਂ ਵਧ ਮਹੱਤਵਪੂਰਨ ਹੈ ਜਿਸ ਲਈ ਸਿਆਸਤ ਤੋਂ ਉਪਰ ਉਠ ਕੇ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ |