ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਬੇਟੀ ਨੂੰ ਹੋਇਆ ਕੋਰੋਨਾ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਬੇਟੀ ਨੂੰ ਹੋਇਆ ਕੋਰੋਨਾ

image

ਵਾਸ਼ਿੰਗਟਨ, 19 ਮਈ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫ਼ਸਟ ਲੇਡੀ ਜਿਲ ਬਾਈਡੇਨ ਦੀ ਧੀ ਐਸ਼ਲੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ ਅਤੇ ਉਹ ਅਪਣੀ ਮਾਂ ਜਿਲ ਬਾਈਡੇਨ ਨਾਲ ਲੈਟਿਨ ਅਮਰੀਕਾ ਦੀ ਯਾਤਰਾ ਨਹੀਂ ਕਰੇਗੀ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿਤੀ। ਫ਼ਸਟ ਲੇਡੀ ਜਿਲ ਬਾਈਡੇਨ ਦੇ ਬੁਲਾਰੇ ਮਾਈਕਲ ਲਾਰੋਸਾ ਨੇ ਕਿਹਾ ਕਿ ਬਾਈਡੇਨ ਜੋੜੇ ਨੂੰ ਉਸ ਦਾ ਨਜ਼ਦੀਕੀ ਸੰਪਰਕ ਨਹੀਂ ਮੰਨਿਆ ਜਾ ਸਕਦਾ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਐਸ਼ਲੇ ਨੇ ਕਈ ਦਿਨ ਪਹਿਲਾਂ ਰਾਸ਼ਟਰਪਤੀ ਅਤੇ ਫ਼ਸਟ ਲੇਡੀ ਨਾਲ ਮੁਲਾਕਾਤ ਕੀਤੀ ਸੀ। ਜਿਲ ਬਾਈਡੇਨ ਦੇ ਬੁੱਧਵਾਰ ਨੂੰ ਇਕਵਾਡੋਰ ਲਈ ਰਵਾਨਾ ਹੋਣ ਤੋਂ ਪਹਿਲਾਂ ਐਸ਼ਲੇ ਬਾਈਡੇਨ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਐਲਾਨ ਕੀਤਾ ਗਿਆ। ਜਿਲ ਬਾਈਡੇਨ ਲਾਤੀਨ ਅਮਰੀਕਾ ਦੇ ਛੇ ਦਿਨਾਂ ਦੌਰੇ ’ਤੇ ਹੈ, ਜਿਸ ਦੀ ਸ਼ੁਰੂਆਤ ਉਹ ਇਕਵਾਡੋਰ ਤੋਂ ਕਰੇਗੀ। 
ਇਸ ਤੋਂ ਬਾਅਦ ਉਹ ਪਨਾਮਾ ਅਤੇ ਕੋਸਟਾ ਰੀਕਾ ਵੀ ਜਾਵੇਗੀ। ਇਹ ਦੂਜੀ ਵਾਰ ਹੈ ਜਦੋਂ ਐਸ਼ਲੇ ਬਿਡੇਨ (40) ਨੂੰ ਅਪਣਾ ਅਧਿਕਾਰਤ ਦੌਰਾ ਰੱਦ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਮਈ ਵਿਚ ਉਹ ਇਕ ਸੰਕਰਮਿਤ ਵਿਅਕਤੀ ਦੇ ਸੰਪਰਕ ਕਾਰਨ ਅਪਣੀ ਮਾਂ ਨਾਲ ਪੂਰਬੀ ਯੂਰਪ ਦੀ ਯਾਤਰਾ ’ਤੇ ਨਹੀਂ ਜਾ ਸਕੀ ਸੀ। ਹਾਲਾਂਕਿ, ਐਸ਼ਲੇ ਉਸ ਸਮੇਂ ਸੰਕਰਮਿਤ ਨਹੀਂ ਹੋਈ ਸੀ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਅਨੁਸਾਰ, ਕਿਸੇ ਸੰਕਰਮਿਤ ਵਿਅਕਤੀ ਦੇ ਨਾਲ 24 ਘੰਟਿਆਂ ਦੀ ਮਿਆਦ ਵਿਚ 15 ਮਿੰਟ ਜਾਂ ਇਸ ਤੋਂ ਵੱਧ ਸਮਾਂ ਬਿਤਾਉਣ ’ਤੇ ਕਿਸ ਨੂੰ ਸੰਕਰਮਿਤ ਦਾ ਨੇੜਲਾ ਸੰਪਰਕ ਮੰਨਿਆ ਜਾਂਦਾ ਹੈ। (ਏਜੰਸੀ)