ਮੁੱਕਾ ਮਾਰ ਕੇਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਕਾ ਮਾਰ ਕੇਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ

image


34 ਸਾਲ ਪੁਰਾਣੇ ਮਾਮਲੇ ਵਿਚ ਜਾਣਗੇ ਪਟਿਆਲਾ ਜੇਲ, ਮਜੀਠੀਆ ਵੀ ਇਸੇ ਜੇਲ 'ਚ ਹਨ ਬੰਦ

ਚੰਡੀਗੜ੍ਹ, 19 ਮਈ (ਸੁਰਜੀਤ ਸਿੰਘ ਸੱਤੀ) : ਪੀਪੀਸੀਸੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ  ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਮੁੱਕਾ ਮਾਰ ਮਾਮਲੇ ਵਿਚ ਗ਼ੈਰ ਇਰਾਦਤਨ ਕਤਲ ਦੇ ਦੋਸ਼ ਵਿਚ ਆਖਰ ਇਕ ਸਾਲ ਦੀ ਸਜ਼ਾ ਸੁਣਾ ਦਿਤੀ ਹੈ | ਸੁਪਰੀਮ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਕਾਰਨ ਹੁਣ ਸਿੱਧੂ ਕੋਲ ਕਿਉਰੇਟਿਵ ਪਟੀਸ਼ਨ  (ਸੁਧਾਰ ਪ੍ਰਾਰਥਨਾ) ਦਾਖ਼ਲ ਕਰਨ ਤੋਂ ਇਲਾਵਾ ਜੇਲ ਜਾਣ ਤੋਂ ਬਚਣ ਦਾ ਕੋਈ ਰਾਹ ਨਹੀਂ ਬਚਿਆ ਪਰ ਸਿੱਧੂ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਨੂੰ  ਮੰਨਣਗੇ | ਘਟਨਾ ਪਟਿਆਲਾ ਦੀ ਹੋਣ ਕਾਰਨ ਸਿੱਧੂ ਨੂੰ  ਪਟਿਆਲਾ ਕੇਂਦਰੀ ਜੇਲ ਵਿਚ ਸਜ਼ਾ ਕੱਟਣੀ ਹੋਵੇਗੀ |
ਦਿਲਚਸਪ ਗੱਲ ਹੈ ਕਿ ਡਰੱਗਜ਼ ਨੂੰ  ਲੈ ਕੇ ਸਿੱਧੂ ਦੇ ਨਿਸ਼ਾਨੇ 'ਤੇ ਆਉਂਦੇ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਪਟਿਆਲਾ ਕੇਂਦਰੀ ਜੇਲ ਵਿਚ ਹੀ ਬੰਦ ਹਨ ਤੇ ਇਥੇ ਸਿੱਧੂ ਦਾ ਉਨ੍ਹਾਂ ਦੇ ਕੱਟੜ ਵਿਰੋਧੀ ਮਜੀਠੀਆ ਨਾਲ ਸਾਹਮਣਾ ਹੋ ਸਕਦਾ ਹੈ | ਮਾਮਲੇ ਮੁਤਾਬਕ 27 ਦਸੰਬਰ 1988 ਨੂੰ  ਪਟਿਆਲਾ ਦੀ ਇਕ ਪਾਰਕਿੰਗ ਵਿਚ ਨਵਜੋਤ ਸਿੱਧੂ ਦੀ ਗੁਰਨਾਮ ਸਿੰਘ ਨਾਮ ਦੇ 65 ਸਾਲਾ ਇਕ ਬਜ਼ੁਰਗ ਨਾਲ ਲੜਾਈ ਹੋ ਗਈ ਸੀ ਤੇ ਸਿੱਧੂ ਨੇ ਉਸ ਨਾਲ ਮਾਰਕੁੱਟ ਕੀਤੀ ਸੀ, ਜਿਸ ਦੀ ਮੌਤ ਹੋ ਗਈ ਸੀ ਤੇ ਸਿੱਧੂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ |

ਮਾਮਲਾ ਅਦਾਲਤ ਤਕ ਪਹੁੰਚਿਆ ਤਾਂ ਸੈਸ਼ਨ ਕੋਰਟ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ 1999 ਵਿਚ ਨਵਜੋਤ ਸਿੰਘ ਸਿੱਧੂ ਨੂੰ  ਬਰੀ ਕਰ ਦਿਤਾ ਸੀ |
ਇਸ ਤੋਂ ਬਾਅਦ ਪੀੜਤ ਧਿਰ ਸੈਸ਼ਨ ਕੋਰਟ ਦੇ ਫ਼ੈਸਲੇ ਵਿਰੁਧ ਹਾਈ ਕੋਰਟ ਪਹੁੰਚੀ ਸੀ | ਸਾਲ 2006 ਵਿਚ ਹਾਈ ਕੋਰਟ ਨੇ ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੂੰ  ਤਿੰਨ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ | ਹਾਈ ਕੋਰਟ ਦੇ ਫ਼ੈਸਲੇ ਨੂੰ  ਸਿੱਧੂ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਸੀ | ਸੁਪਰੀਮ ਕੋਰਟ ਨੇ ਜੁਰਮਾਨਾ ਲਗਾ ਕੇ ਸਜ਼ਾ ਮੁਆਫ਼ ਕਰ ਦਿਤੀ ਸੀ | 16 ਮਈ, 2018 ਨੂੰ , ਸੁਪਰੀਮ ਕੋਰਟ ਨੇ ਸਿੱਧੂ ਨੂੰ  ਧਾਰਾ 304 ਆਈਪੀਸੀ ਦੇ ਤਹਿਤ ਕਤਲ ਨਾ ਹੋਣ ਦੇ ਦੋਸੀ ਕਤਲ ਦੇ ਦੋਸ ਤੋਂ ਬਰੀ ਕਰ ਦਿਤਾ ਸੀ | ਹਾਲਾਂਕਿ, ਸਿੱਧੂ ਨੂੰ  ਆਈਪੀਸੀ ਦੀ ਧਾਰਾ 323 ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਯਾਨੀ ਕਿ ਸੱਟ ਪਹੁੰਚਾਉਣ ਦੇ ਇਸ ਲਈ ਉਸ ਨੂੰ  ਜੇਲ ਦੀ ਸਜ਼ਾ ਨਹੀਂ ਮਿਲੀ | ਸਿੱਧੂ ਨੂੰ  ਸਿਰਫ਼ ਇਕ ਹਜ਼ਾਰ ਰੁਪਏ ਜੁਰਮਾਨਾ ਭਰ ਕੇ ਰਿਹਾਅ ਕਰ ਦਿਤਾ ਗਿਆ | ਇਸ ਉਪਰੰਤ ਪੀੜਤ ਧਿਰ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਫਰਿਆਦ ਕੀਤੀ ਸੀ ਤੇ ਅੱਜ ਸੁਪਰੀਮ ਕੋਰਟ ਨੇ ਸਿੱਧੂ ਨੂੰ  ਇਕ ਸਾਲ ਦੀ ਸਜ਼ਾ ਸੁਣਾ ਦਿਤੀ ਹੈ |
ਸਿੱਧੂ ਨੂੰ  ਸਜ਼ਾ ਸੁਣਾਏ ਜਾਣ ਉਪਰੰਤ ਲੋਕ ਪ੍ਰਤੀਨਿਧੀ ਐਕਟ ਕੇਸਾਂ ਦੇ ਮਾਹਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸਤਿਆਪਾਲ ਜੈਨ ਨੇ ਕਿਹਾ ਹੈ ਕਿ ਹੁਣ ਸਿੱਧੂ ਕੋਲ ਕਿਉਰੇਟਿਵ ਪਟੀਸ਼ਨ ਯਾਨੀ ਰਹਿਮ ਦੀ ਬੇਨਤੀ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ | ਜੈਨ ਮੁਤਾਬਕ ਉਂਜ ਰਾਹਤ ਦੀ ਕੋਈ ਉਮੀਦ ਨਹੀਂ ਦਿਸ ਰਹੀ, ਕਿਉਂਕਿ ਇਸ ਮਾਮਲੇ ਨੂੰ  ਖ਼ੁਦ ਸੁਪਰੀਮ ਕੋਰਟ ਦੋ ਵਾਰ ਸੁਣ ਚੁੱਕਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਸ ਸਜ਼ਾ ਨਾਲ ਸਿੱਧੂ ਵਲੋਂ ਚੋਣ ਲੜਨ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਸਜ਼ਾ ਇਕ ਸਾਲ ਦੀ ਹੈ ਤੇ ਲੋਕ ਪ੍ਰਤੀਨਿਧ ਐਕਟ ਮੁਤਾਬਕ ਜੇਕਰ ਕਿਸੇ ਨੂੰ  ਦੋ ਸਾਲ ਜਾਂ ਇਸ ਤੋਂ ਵੱਧ ਸਜ਼ਾ ਹੋਈ ਹੋਵੇ, ਉਹ ਵਿਅਕਤੀ ਛੇ ਸਾਲ ਤਕ ਚੋਣ ਲੜਨ ਦੇ ਆਯੋਗ ਹੁੰਦਾ ਹੈ |

ਸੁਪਰੀਮ ਕੋਰਟ ਦਾ ਫ਼ੈਸਲਾ ਸਿਰ ਮੱਥੇ : ਸਿੱਧੂ
34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਨੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ  ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਲੋਂ ਜੁਰਮਾਨੇ ਸਮੇਤ ਸਿੱਧੂ ਨੂੰ  ਇਹ ਸਜ਼ਾ ਸੁਣਾਈ ਗਈ ਹੈ | ਰੋਡ ਰੇਜ ਮਾਮਲੇ ਨੂੰ  ਲੈ ਕੇ ਅਪਣੇ ਵਿਰੁਧ ਸੁਪਰੀਮ ਕੋਰਟ ਵਲੋਂ ਸੁਣਾਏ ਗਏ ਫ਼ੈਸਲੇ 'ਤੇ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਸਿਰ ਮੱਥੇ |